You are here

ਅਕਤੂਬਰ ਤੱਕ ਮੁਕੰਮਲ ਹੋਣਗੇ ਕਰਤਾਰਪੁਰ ਲਾਂਘਾ ਦੇ ਵਿਕਾਸ ਕਾਰਜ- ਰੰਧਾਵਾ

ਡੇਰਾ ਬਾਬਾ ਨਾਨਕ, ਅਗਸਤ 2019- ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੌਮਾਂਤਰੀ ਸੀਮਾ ’ਤੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲਾਂਘੇ ਦੇ ਕੰਮ ਨੂੰ ਹਰ ਹਾਲਤ ਵਿੱਚ ਅਕਤੂਬਰ ਤੱਕ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਗੁਰਪੁਰਬ ਸਮਾਗਮ ਦੀਆਂ ਤਿਆਰੀਆਂ ਲਈ 5 ਆਈਏਐੱਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਪਹਿਲਾ ਜਥਾ 8 ਨਵੰਬਰ ਨੂੰ ਹਰ ਹਾਲਤ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ। ਉਨ੍ਹਾਂ ਆਸ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰਵਾਨਾ ਕਰਨਗੇ। ਮੰਤਰੀ ਨੇ ਦੱਸਿਆ ਕਿ ਲਾਂਘੇ ਦੇ ਕੰਮ ਨੂੰ ਹੋਰ ਰਫ਼ਤਾਰ ਦੇਣ ਲਈ ਉਹ ਹੋਰ ਮੰਤਰੀਆਂ ਨਾਲ 22 ਅਗਸਤ ਨੂੰ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਤੱਕ ਤਿਆਰੀਆਂ ਮੁਕੰਮਲ ਕਰਨ ਲਈ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਪੰਜਾਬ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਪੰਜ ਆਈਏਐੱਸ ਅਧਿਕਾਰੀਆਂ, ਜਿਨ੍ਹਾਂ ਵਿਚ ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈੱਡ, ਹਾਊਸਫੈੱਡ ਅਤੇ ਕੋਆਪਰੇਟਿਵ ਬੈਂਕ ਸ਼ਾਮਲ ਹਨ, ਦੀ ਡਿਊਟੀ ਲਗਾਈ ਗਈ ਹੈ। ਟੀਮ ਵੱਲੋਂ 5 ਨਵੰਬਰ ਤੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਵਾਈਆਂ ਜਾਣਗੀਆਂ। ਸ੍ਰੀ ਰੰਧਾਵਾ ਨੇ ਸਰਹੱਦ ਤੇ ਲੱਗੀ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ’ਚ ਨਵੰਬਰ ਵਿਚ ‘ਡੇਰਾ ਬਾਬਾ ਨਾਨਕ ਉਤਸਵ’ ਕਰਵਾਇਆ ਜਾਵੇਗਾ। ਉਤਸਵ ਰਾਹੀਂ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਜਾਵੇਗਾ। ਪੰਜ ਨਵੰਬਰ ਤੋਂ 20 ਨਵੰਬਰ ਤੱਕ ਚਲਣ ਵਾਲੇ ਉਤਸਵ ਦੌਰਾਨ ਸ਼ਬਦ, ਸੰਗੀਤ, ਕਵੀ ਦਰਬਾਰ ਅਤੇ 15 ਰਾਗਾਂ ਵਿਚ ਕੀਰਤਨ ਦਰਬਾਰ ਕਰਵਾਏ ਜਾਣਗੇ। ਡੇਰਾ ਬਾਬਾ ਨਾਨਕ ’ਚ ‘ਨਾਨਕ ਬਗੀਚੀ’ ਵੀ ਸਥਾਪਤ ਕੀਤੀ ਜਾਵੇਗੀ। ਸ੍ਰੀ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਕਸਬੇ ਨੂੰ ਹੈਰੀਟੇਜ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ।