ਲੁਧਿਆਣਾ, 12 ਅਗਸਤ (ਟੀ ਕੇ) ਸਾਉਣ ਮਹੀਨੇ 'ਚ ਮਨਾਇਆ ਜਾਣ ਵਾਲਾ ਪੰਜਾਬ ਦਾ ਮਹੱਤਵਪੂਰਨ ਤਿਉਹਾਰ ‘ਤੀਆਂ ਦਾ ਤਿਉਹਾਰ’ ਡੀ.ਏ.ਵੀ. ਪਬਲਿਕ ਸਕੂਲ , ਬੀ. ਆਰ. ਐੱਸ. ਨਗਰ ਲੁਧਿਆਣਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਸਜੇ ਵਿਦਿਆਰਥੀਆਂ ਨੇ ਸਾਉਣ ਮਹੀਨੇ ਦੇ ਖਾਸ ਪਕਵਾਨ ਖੀਰ- ਮਾਲਪੂੜੇ ਦਾ ਆਨੰਦ ਮਾਣਿਆ। ਕੁੜੀਆਂ ਦੇ ਹੱਥਾਂ 'ਤੇ ਲੱਗੀ ਸੋਹਣੀ ਮਹਿੰਦੀ ਅਤੇ ਗੁੱਤਾਂ ‘ਚ ਗੂੰਦੇ ਸੋਹਣੇ ਪਰਾਂਦੇ ਸਾਰਿਆਂ ਦਾ ਮਨ ਮੋਹ ਰਹੇ ਸਨ | ਇਸ ਮੌਕੇ ਬੱਚਿਆਂ ਨੇ ਪੰਜਾਬੀ ਲੋਕ ਗੀਤ, ਲੋਕ ਨਾਚ ਪੇਸ਼ ਕੀਤੇ, ਜਿਸ ਵਿੱਚ ਗਿੱਧਾ ਅਤੇ ਭੰਗੜਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਵਿਦਿਆਰਥਣਾਂ ਦੇ ‘ਮਹਿੰਦੀ ਲਗਾਉਣ , ‘ਪਰਾਂਦਾ ਗੁੰਦਣ’ , ‘ਪੰਜਾਬੀ ਰਵਾਇਤੀ ਪਹਿਰਾਵਾ ਮੁਕਾਬਲੇ’ ਕਰਵਾਏ ਗਏ। ਮਿਸ ਤੀਜ ਮੁਕਾਬਲਾ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ, ਜਿਸ ਵਿੱਚ +2 ਕਾਮਰਸ ਦੀ ਵਿਦਿਆਰਥਣ ਹਰਜਪ ਕੌਰ ਮਿਸ ਤੀਜ, +2 ਹਿਊਮੈਨਟੀਜ਼ ਦੀ ਹਰਲੀਨ ਕੌਰ ਅਤੇ +2 ਦੀ ਵਿਦਿਆਰਥਣ ਹਰਗੁਨੀਤ ਕੌਰ ਕ੍ਰਮਵਾਰ ਪਹਿਲੀ ਰਨਰਅੱਪ ਤੇ ਦੂਜੀ ਰਨਰਅੱਪ ਰਹੀ।
ਸਕੂਲ ਦੇ ਪ੍ਰਿੰਸੀਪਲ ਜੇ. ਕੇ. ਸਿੱਧੂ ਜੀ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਰਵਾਇਤੀ ਤਿਉਹਾਰ ਸਾਨੂੰ ਸਾਡੇ ਅਮੀਰ ਸੱਭਿਆਚਾਰ ਨਾਲ ਜੋੜਦੇ ਹਨ।