You are here

ਪਤਨੀ ਸਮੇਤ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਭਿ੍ਸ਼ਟਾਚਾਰ ਦੇ ਦੋਸ਼ੀ

ਪੈਰਿਸ ਜੂਨ   2020-(ਏਜੰਸੀ )  ਪੈਰਿਸ ਦੀ ਇਕ ਅਦਾਲਤ ਨੇ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਫਿਲੋਨ ਨੂੰ ਪਤਨੀ ਤੇ ਬੱਚਿਆਂ ਨੂੰ ਭੁਗਤਾਨ ਕਰਨ 'ਚ ਸਰਕਾਰੀ ਪੈਸੇ ਦਾ ਇਸਤੇਮਾਲ ਕਰਨ ਦਾ ਦੋਸ਼ੀ ਪਾਇਆ ਹੈ। ਉਨ੍ਹਾਂ ਦੋਵਾਂ ਨੇ ਜਿਹੜਾ ਕੰਮ ਕੀਤਾ ਹੀ ਨਹੀਂ, ਉਸ ਲਈ ਭੁਗਤਾਨ ਕੀਤਾ ਗਿਆ। 1998 ਤੋਂ ਇਸ ਕੰਮ ਰਾਹੀਂ ਪਰਿਵਾਰ ਨੇ 10 ਲੱਖ ਯੂਰੋ (ਅੱਠ ਕਰੋੜ 44 ਲੱਖ ਰੁਪਏ ਤੋਂ ਵੱਧ) ਦੀ ਕਮਾਈ ਕੀਤੀ। ਜੋੜੇ ਦੇ ਵਕੀਲ ਨੇ ਅਪੀਲ ਕਰਨ ਦਾ ਐਲਾਨ ਕੀਤਾ।

ਫਿਲੋਨ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ 'ਚੋਂ ਤਿੰਨ ਸਾਲ ਦੀ ਸਜ਼ਾ ਮੁਲਤਵੀ ਰਹੇਗੀ। ਇਸ ਤੋਂ ਇਲਾਵਾ ਤਿੰਨ ਲੱਖ 75 ਹਜ਼ਾਰ ਯੂਰੋ (ਤਿੰਨ ਕਰੋੜ 16 ਲੱਖ ਰੁਪਏ ਤੋਂ ਵੱਧ) ਦਾ ਜੁਰਮਾਨਾ ਕੀਤਾ ਗਿਆ ਹੈ। ਉਹ 10 ਸਾਲਾਂ ਤਕ ਚੋਣਾਂ ਨਹੀਂ ਲੜ ਸਕਣਗੇ। ਅਪੀਲ ਦੌਰਾਨ ਉਹ ਮੁਕਤ ਰਹਿਣਗੇ। ਉਨ੍ਹਾਂ ਦੀ ਪਤਨੀ ਪੈਨੇਲੋਪ ਫਿਲੋਨ ਨੂੰ ਸਹਿਯੋਗੀ ਦੇ ਤੌਰ 'ਤੇ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਨੂੰ ਤਿੰਨ ਸਾਲ ਮੁਲਤਵੀ ਕੈਦ ਦੀ ਸਜ਼ਾ ਤੇ ਓਨੀ ਹੀ ਰਕਮ ਦਾ ਜੁਰਮਾਨਾ ਕੀਤਾ ਗਿਆ ਹੈ।

2017 'ਚ ਦੇਸ਼ 'ਚ ਹੋਏ ਰਾਸ਼ਟਰਪਤੀ ਚੋਣਾਂ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਇਸ ਘੁਟਾਲੇ ਦਾ ਪਤਾ ਲੱਗਿਆ। ਫਿਲੋਨ ਰਾਸ਼ਟਰਪਤੀ ਅਹੁਦੇ ਦੀ ਦੌੜ ਦੀ ਅਗਲੀ ਕਤਾਰ 'ਚ ਸਨ। ਇਸ ਨਾਲ ਉਨ੍ਹਾਂ ਦੀ ਇੱਜ਼ਤ ਨੂੰ ਧੱਕਾ ਲੱਗਿਆ ਹੈ ਤੇ ਉਹ ਚੋਣਾਂ 'ਚ ਤੀਜੇ ਸਥਾਨ 'ਤੇ ਰਹੇ।