ਲੁਧਿਆਣਾ ,11 ਅਗਸਤ (ਟੀ. ਕੇ.) ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਵਿਚ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਦੀ ਚੋਣ 25 ਨਵੰਬਰ 2023 ਤੱਕ ਅਤੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਕਾਸ ਭਵਨ, ਸੈਕਟਰ 62, ਫੇਜ਼ 8, ਸਾਹਿਬਜਾਦਾ ਅਜੀਤ ਸਿੰਘ ਦੇ ਵਿਸ਼ੇਸ਼ ਸਕੱਤਰ ਵਲੋਂ ਰਾਜ ਦੇ ਸਮੂਹ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਜ਼ ਨੂੰ ਜਾਰੀ ਪੱਤਰ ਅਨੁਸਾਰ ਗਰਾਮ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ
ਪੱਤਰ ਅਨੁਸਾਰ ਸਰਕਾਰ ਵਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨੇੜੇ ਭਵਿਖ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਆਮ ਚੋਣਾਂ ਤੋਂ ਪਹਿਲਾਂ ਗਰਾਮ ਪੰਚਾਇਤਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29-ਏ ਅਧੀਨ ਭੰਗ ਕਰਕੇ ਗਰਾਮ ਪੰਚਾਇਤਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਸਮਾਜਿਕ ਸਿੱਖਿਆ ਤੇ ਪੰਚਾਇਤ ਅਫਸਰ, ਪੰਚਾਇਤ ਅਫਸਰ (ਸੰਮਤੀ ਸਾਇਡ), ਜੂਨੀਅਰ ਇੰਜਨੀਅਰ ਅਤੇ ਵਿਲੇਜ਼ ਡਿਵੈਲਮੈਂਟ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਹੈ। ਇਸ ਲਈ ਪ੍ਰਬੰਧਕਾਂ ਨੂੰ ਗਰਾਮ ਪੰਚਾਇਤਾਂ ਦੀ ਵੰਡ ਨਿਰਧਾਰਤ ਪ੍ਰੋਫਾਰਮੇ ਵਿਚ ਸੂਚਨਾ ਵਿਸ਼ੇਸ਼ ਦੂਤ ਰਾਹੀਂ (ਐੱਨ ਡਰਾਈਵ ਸਮੇਤ ਸਾਫਟ ਕਾਪੀ) ਮਿਤੀ 14.08.2023 ਤੱਕ ਹਰ ਹਾਲਤ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।