You are here

ਮੋਗਾ ਵਿਧਾਨ ਸਭਾ ਦੇ 35 ਪਿੰਡਾਂ ਵਿੱਚ 15 ਜੁਲਾਈ ਤੋਂ ਫੂਕੇ ਜਾਣਗੇ ਵਿਧਾਇਕ ਦੇ ਪੁਤਲੇ - ਮਾਣੂੰਕੇ, ਗਿੱਲ

21 ਜੁਲਾਈ ਨੂੰ ਡੀ ਸੀ ਦਫਤਰ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸ਼ੁਰੂ
ਹੜ੍ਹਾਂ ਦੇ ਮੱਦੇਨਜ਼ਰ ਮੁਲਤਵੀ ਕੀਤਾ ਸੰਘਰਸ਼ 15 ਤੋਂ ਫਿਰ ਸ਼ੁਰੂ
ਮੋਗਾ 12 ਜੁਲਾਈ ( ਜਸਵਿੰਦਰ  ਸਿੰਘ  ਰੱਖਰਾ ) 
ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਵੱਲੋਂ ਸਿਵਲ ਹਸਪਤਾਲ ਮੋਗਾ ਦੇ ਐਸ ਐਮ ਓ ਡਾ ਸੁਖਪ੍ਰੀਤ ਬਰਾੜ ਵੱਲੋਂ ਕੀਤੀ ਜਾ ਰਹੀ ਕੁਰੱਪਸ਼ਨ ਦੀ ਉਚ ਪੱਧਰੀ ਜਾਂਚ, ਸਿਵਲ ਹਸਪਤਾਲ ਮੋਗਾ ਵਿੱਚ ਖਤਮ ਹੋਈਆਂ ਦਵਾਈਆਂ, ਟੈਸਟ ਕਿੱਟਾਂ, ਐਕਸਰੇ ਫਿਲਮਾਂ, ਗਲੂਕੋਜ ਅਤੇ ਸਰਿੰਜਾਂ ਉਪਲੱਬਧ ਕਰਵਾਉਣ ਅਤੇ ਮਰੀਜ਼ਾਂ ਦੀ ਲੁੱਟ ਬੰਦ ਕਰਵਾਉਣ ਅਤੇ ਮਿਹਨਤੀ ਅਤੇ ਇਮਾਨਦਾਰ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਬਦਲਾ ਲਊ ਭਾਵਨਾ ਤਹਿਤ ਕੀਤੀ ਗਈ ਬਦਲੀ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤਾ ਹੋਇਆ ਸੰਘਰਸ਼ ਚਰਮ ਤੇ ਪਹੁੰਚ ਚੁੱਕਾ ਹੈ ਤੇ ਸੰਘਰਸ਼ ਕਮੇਟੀ ਵੱਲੋਂ 21 ਜੁਲਾਈ ਨੂੰ ਡੀ ਸੀ ਦਫਤਰ ਮੋਗਾ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਸ ਦੀਆਂ ਤਿਆਰੀਆਂ ਵਜੋਂ 15 ਜੁਲਾਈ ਨੂੰ ਸਾਰੇ ਤਹਿਸੀਲ ਪੱਧਰਾਂ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 20 ਜੁਲਾਈ ਤੱਕ ਮੋਗਾ ਵਿਧਾਨ ਸਭਾ ਹਲਕੇ ਦੇ 36 ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਸਬੰਧੀ ਅੱਜ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਦੀ ਇੱਕ ਵਿਸੇਸ਼ ਮੀਟਿੰਗ ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ ਜਿਲ੍ਹਾ ਕਨਵੀਨਰ ਡਾ ਇੰਦਰਵੀਰ ਗਿੱਲ ਅਤੇ ਕਰਮਜੀਤ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਤੋਂ 70 ਦੇ ਕਰੀਬ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ ਇੰਦਰਵੀਰ ਗਿੱਲ ਅਤੇ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਵਿੱਚ ਫੈਲੀ ਕੁਰੱਪਸ਼ਨ ਦੀ ਉਚ ਪੱਧਰੀ ਜਾਂਚ ਅਤੇ ਸਿਵਲ ਹਸਪਤਾਲ ਮੋਗਾ ਦਵਾਈਆਂ, ਐਕਸਰੇ ਫਿਲਮਾਂ, ਟੈਸਟ ਕਿੱਟਾਂ, ਗਲੂਕੋਜ ਅਤੇ ਸਰਿੰਜਾਂ ਦੀ ਘਾਟ ਨੂੰ ਪੂਰਾ ਕਰਵਾਉਣ ਅਤੇ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਅੰਦਰ ਕਰਨ, ਮਿਹਨਤੀ ਅਤੇ ਇਮਾਨਦਾਰ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਬਦਲਾ ਲਊ ਭਾਵਨਾ ਤਹਿਤ ਕੀਤੀ ਗਈ ਨਜਾਇਜ ਬਦਲੀ ਨੂੰ ਰੱਦ ਕਰਵਾਉਣ ਲਈ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਵੱਲੋਂ 3 ਜੁਲਾਈ ਨੂੰ ਨੇਚਰ ਪਾਰਕ ਮੋਗਾ ਤੋਂ ਇੱਕ ਵਿਸ਼ਾਲ ਰੈਲੀ ਕੀਤੀ ਸੀ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਹਫਤੇ ਵਿੱਚ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਸੀ ਪਰ ਮਿਥੇ ਸਮੇਂ ਵਿੱਚ ਕੋਈ ਹੱਲ ਨਹੀਂ ਹੋਇਆ, ਜਿਸ ਕਾਰਨ 21 ਜੁਲਾਈ ਨੂੰ ਇੱਕ ਵੱਡਾ ਐਕਸ਼ਨ ਉਲੀਕਿਆ ਗਿਆ ਹੈ ਤੇ ਉਸ ਤੋਂ ਪਹਿਲਾਂ ਮੋਗਾ ਵਿਧਾਨ ਸਭਾ ਦੇ 36 ਪਿੰਡਾਂ ਵਿੱਚ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੜਾਂ ਦੀ ਮਾਰ ਕਾਰਨ ਪੁਤਲਾ ਫੂਕ ਪ੍ਰਦਰਸ਼ਨ  11 ਜੁਲਾਈ ਤੋਂ ਸ਼ੁਰੂ ਹੋਣਾ ਸੀ, ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ 15 ਜੁਲਾਈ ਤੋਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਹੋਣ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ ਪਰ ਜੇਕਰ ਜਿਲ੍ਹਾ ਪ੍ਰਸਾਸ਼ਨ ਨੇ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਟਿਆਂ ਦੀ ਜਿੰਮੇਵਾਰੀ ਜਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ। ਸੰਘਰਸ਼ ਕਮੇਟੀ ਵੱਲੋਂ ਅੱਜ 21 ਜੁਲਾਈ ਦੇ ਰੋਸ ਪ੍ਰਦਰਸ਼ਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ਼ਤਿਹਾਰ ਲਗਾਉਣ ਲਈ ਟੀਮਾਂ ਨੂੰ ਰਵਾਨਾ ਕੀਤਾ। ਇਸ ਮੌਕੇ ਜੱਥੇਬੰਦੀਆਂ ਨੂੰ 21 ਜੁਲਾਈ ਸਬੰਧੀ ਕੋਟੇ ਲਗਾਏ ਗਏ ਅਤੇ ਪਿੰਡਾਂ ਸ਼ਹਿਰਾਂ ਵਿੱਚ ਪੁਤਲੇ ਫੂਕਣ ਲਈ ਕਮੇਟੀਆਂ ਬਣਾਈਆਂ ਗਈਆਂ। ਹਾਜਰ ਜਥੇਬੰਦਕ ਆਗੂਆਂ ਨੇ ਇਸ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਬਨਾਉਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਦਾ ਭਰੋਸਾ ਦਿੱਤਾ। ਇਸ ਮੌਕੇ ਉਕਤ ਤੋਂ ਇਲਾਵਾ ਕੋ ਕਨਵੀਨਰ ਗੁਰਮੇਲ ਸਿੰਘ ਮਾਛੀਕੇ, ਬਲੌਰ ਸਿੰਘ ਘੱਲਕਲਾਂ, ਮਾ ਪ੍ਰੇਮ ਕੁਮਾਰ, ਰਾਜਿੰਦਰ ਸਿੰਘ ਰਿਆੜ, ਕੁਲਬੀਰ ਸਿੰਘ ਢਿੱਲੋਂ, ਕਿਰਤੀ ਕਿਸਾਨ ਯੂਨੀਅਨ ਆਗੂ ਪ੍ਰਗਟ ਸਿੰਘ ਸਾਫੂਵਾਲਾ, ਚਮਕੌਰ ਸਿੰਘ ਰੋਡੇ, ਕੁੱਲ ਹਿੰਦ ਕਿਸਾਨ ਸਭਾ ਆਗੂ ਕੁਲਦੀਪ ਭੋਲਾ, ਲਖਵੀਰ ਸਿੰਘ ਸਿੰਘਾਂਵਾਲਾ, ਗੁਰਸੇਵਕ ਸਿੰਘ ਸੰਨਿਆਸੀ, ਪ੍ਰੋਮਿਲਾ ਕੁਮਾਰੀ, ਡਾ ਅਜੀਤ ਸਿੰਘ, ਬਲਵਿੰਦਰ ਸ਼ਰਮਾ, ਡਾ ਜਗਸੀਰ, ਰਾਜਿੰਦਰ ਲੋਪੋ, ਡਾ ਕੁਲਦੀਪ ਸਿੰਘ, ਗੁਰਪਿਆਰ ਸਿੰਘ, ਈ ਟੀ ਟੀ ਯੂਨੀਅਨ ਪ੍ਰਧਾਨ ਮਨਮੀਤ ਸਿੰਘ, ਨਰੇਗਾ ਆਗੂ ਜਗਸੀਰ ਖੋਸਾ, ਅਮਰਜੀਤ ਸਿੰਘ ਜੱਸਲ, ਐਪਸੋ ਆਗੂ ਸਵਰਨ ਖੋਸਾ, ਡੀ ਟੀ ਐਫ ਆਗੂ ਯਾਦਵਿੰਦਰ ਕੁਮਾਰ, ਮਜਦੂਰ ਆਗੂ ਮੰਗਾ ਵੈਰੋਕੇ, ਤੀਰਥ ਚੜਿੱਕ, ਦਲਜਿੰਦਰ ਕੌਰ, ਹਰਭਜਨ ਸਿੰਘ ਬਹੋਨਾ, ਫੈਡਰੇਸ਼ਨ ਆਗੂ ਹਰਜਿੰਦਰ ਸਿੰਘ ਚੁਗਾਵਾਂ, ਐਨ ਜੀ ਓ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਅਤੇ ਜਗਤਾਰ ਸਿੰਘ ਜਾਨੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਹਾਜਰ ਸਨ।