ਮਾਲੇਰਕੋਟਲਾ 21ਅਗਸਤ (ਡਾਕਟਰ ਸੁਖਵਿੰਦਰ ਬਾਪਲਾ ) ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ ।ਮਾਲੇਰਕੋਟਲਾ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੁਵਿਧਾਵਾਂ ਬਿਨਾਂ ਕਿਸੇ ਦਿੱਕਤ ਦੇ ਮਿਲ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਅਤੇ ਪੜ੍ਹਾਈ ਦੇ ਖੇਤਰ ਵਿੱਚ ਲਗਾਤਾਰ ਨਵੇਂ ਉਪਰਾਲੇ ਕਰਕੇ ਨਵੇਂ ਖ਼ੁਸ਼ਹਾਲ ਅਤੇ ਸਿਹਤਮੰਦ ਪੰਜਾਬ ਦੀ ਰਚਨਾ ਚ’ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਕੀਤੇ ਦੌਰੇ ਦੌਰਾਨ ਕੀਤਾ। ਇੱਥੇ ਵਰਣਨਯੋਗ ਹੈ ਕਿ ਜ਼ਿਲ੍ਹੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਦੋ ਆਮ ਆਦਮੀ ਕਲੀਨਿਕ ਪਿਛਲੇ ਦਿਨੀਂ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ ਜਿਨ੍ਹਾਂ ਵਿੱਚ ਇੱਕ ਕਲੀਨਿਕ ਪੁਰਾਣੀ ਤਹਿਸੀਲ ਕੰਪਲੈਕਸ ਅਤੇ ਦੂਜਾ ਆਮ ਆਦਮੀ ਕਲੀਨਿਕ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ ਸਥਾਪਿਤ ਕੀਤਾ ਗਿਆ ਹੈ । ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ-ਉਰ-ਰਹਿਮਾਨ ਦੇ ਸੁਪਤਨੀ ਫ਼ਰਿਆਲ ਰਹਿਮਾਨ ਵੀ ਉਨ੍ਹਾਂ ਨਾਲ ਮੌਜੂਦ ਸਨ ।
ਹਲਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਦੇ ਪ੍ਰਚਾਰ ਦੌਰਾਨ ਕੀਤੇ ਵਾਅਦੇ ਇੱਕ ਇੱਕ ਕਰਕੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ । ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਵੱਡੇ ਪੱਧਰ ਤੇ ਸਕਾਰਾਤਮਿਕ ਬਦਲਾਅ ਦੇਖਣ ਨੂੰ ਮਿਲਣਗੇ। ਆਮ ਆਦਮੀ ਕਲੀਨਿਕ ਲੋਕਾਂ ਨੂੰ ਸੁਚੱਜੇ ਢੰਗ ਨਾਲ ਮਿਆਰੀ ਦਰਜੇ ਦਾ ਮੁੱਢਲਾ ਇਲਾਜ ਮੁਹੱਈਆ ਕਰਵਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ । ਕਲੀਨਿਕ ਖੋਲ੍ਹਣ ਨਾਲ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਬੁਨਿਆਦੀ ਅਤੇ ਉੱਚ ਮਿਆਰੀ ਦੀਆਂ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਖੁੱਲਣ ਨਾਲ ਸਰਕਾਰੀ ਵੱਡੇ ਹਸਪਤਾਲ ਦਾ ਬੋਝ ਘਟਿਆ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਤੋਂ ਵੀ ਲੋਕਾਂ ਨੂੰ ਨਿਜਾਤ ਮਿਲਣੀ ਸ਼ੁਰੂ ਹੋ ਗਈ ਹੈ
ਸਿਵਲ ਸਰਜਨ ਮਾਲੇਰਕੋਟਲਾ ਡਾਕਟਰ ਮੁਕੇਸ਼ ਚੰਦਰ ਨੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਦੋ ਕਲੀਨਿਕ ਸਥਾਪਿਤ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿਚ ਜ਼ਿਲ੍ਹਾ ਵਾਸੀਆਂ ਦਾ ਮੁਫ਼ਤ ਇਲਾਜ ਦੇ ਨਾਲ ਨਾਲ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਓ.ਪੀ.ਡੀ. ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਦੇ ਨਾਲ ਨਾਲ ਲੋਕਾਂ ਦੇ 41 ਤਰ੍ਹਾਂ ਦੇ ਕਲੀਨੀਕਲ ਟੈੱਸਟ ਅਤੇ 73 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ।
ਉਨ੍ਹਾਂ ਦੱਸਿਆ ਕਿ ਪੁਰਾਣੀ ਤਹਿਸੀਲ ਕੰਪਲੈਕਸ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਵਿਖੇ ਮੈਡੀਕਲ ਅਫ਼ਸਰ ਡਾਕਟਰ ਮੁਹੰਮਦ ਨਦੀਨ ਸਲੀਮ ,ਫਾਰਮਾਸਿਸਟ ਸ੍ਰੀ ਗੁਰਪ੍ਰੀਤ ਸਿੰਘ ਅਤੇ ਕਲੀਨਿਕ ਸਹਾਇਕ ਸ੍ਰੀ ਮਨਜੀਤ ਕੌਰ ਨੂੰ ਅਤੇ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ ਮੈਡੀਕਲ ਅਫ਼ਸਰ ਡਾਕਟਰ ਆਸ਼ੀਆ ,ਫਾਰਮਾਸਿਸਟ ਸ੍ਰੀ ਸ਼ਿਵ ਕੁਮਾਰ ਅਤੇ ਕਲੀਨਿਕ ਸਹਾਇਕ ਸ੍ਰੀਮਤੀ ਜਸਵੀਰ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ ਕੁਲ 154 ਓ.ਪੀ.ਡੀ ਅਤੇ 06 ਲੈਬ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਪੁਰਾਣੀ ਤਹਿਸੀਲ ਕੰਪਲੈਕਸ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਵਿਖੇ ਅੱਜ ਤੱਕ 86 ਓ.ਪੀ.ਡੀ. ਅਤੇ 04 ਟੈੱਸਟ ਅਤੇ ਆਮ ਆਦਮੀ ਕਲੀਨਿਕ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ 68 ਓ.ਪੀ.ਡੀ ਅਤੇ 02 ਟੈੱਸਟ ਕੀਤੇ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹੇ ਰਹਿਣਗੇ, ਕੇਵਲ ਹਫ਼ਤੇ ਦੇ ਐਤਵਾਰ ਨੂੰ ਜਾ ਗਜ਼ਟਿਡ ਛੁੱਟੀ ਵਾਲੇ ਦਿਨ ਹੀ ਬੰਦ ਰਹਿਣਗੇ।