ਜਗਰਾਉ 2 ਜੁਲਾਈ (ਅਮਿਤਖੰਨਾ)ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੀਤੇ ਸਿੰਗਲ ਯੂਜ਼ ਪਲਾਸਟਿਕ ਬੰਦ ਦਾ ਸਮਰਥਨ ਕਰਦਿਆਂ ਦਿ ਰਿਟੇਲ ਕੋਰੀਅਨ ਮਰਚੈਂਟ ਐਸੋਸੀਏਸ਼ਨ, ਜਗਰਾਉਂ ਵੱਲੋਂ "ਕਪੜੇ ਦੇ ਥੈਲੇ ਅਪਣਾਓ, ਵਾਤਾਵਰਨ ਬਚਾਓ" ਦੇ ਲੋਗੋ ਹੇਠ ਤਿਆਰ ਕੀਤਾ ਗਿਆ ਸਟਿੱਕਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ। ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਅਤੇ ਸੁੰਦਰ ਵਾਤਾਵਰਨ ਦੇਣ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਟਿੱਕਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੀਆਂ ਦੁਕਾਨਾਂ 'ਤੇ ਲਗਾਏ ਜਾਣਗੇ ਅਤੇ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਜਾਵੇਗੀ ਕਿ ਉਹ ਗ੍ਰਾਹਕਾਂ ਨੂੰ ਘਰੋਂ ਬੈਗ ਲਿਆਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵੱਲੋਂ ਕਿਸੇ ਵੀ ਗਾਹਕ ਨੂੰ ਪਲਾਸਟਿਕ ਦਾ ਹੈਂਡਲ ਵਾਲਾ ਲਿਫਾਫਾ ਨਹੀਂ ਦਿੱਤਾ ਜਾਵੇਗਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਜੈਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਨ ਨੂੰ ਬਚਾਉਣਾ ਹੈ ਅਤੇ ਅਸੀਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਹੀ ਵਾਤਾਵਰਨ ਨੂੰ ਬਚਾ ਸਕਦੇ ਹਾਂ। ਐਸੋਸੀਏਸ਼ਨ ਦੇ ਸਮੂਹ ਅਧਿਕਾਰੀਆਂ ਨੇ ਗਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗ੍ਰਾਹਕ ਵੀ ਸਰਕਾਰ ਦਾ ਸਾਥ ਦਿੰਦੇ ਹੋਏ ਘਰੋਂ ਕੱਪੜੇ ਦੇ ਬਣੇ ਬੈਗ ਲੈ ਕੇ ਆਉਣ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇਕਬਾਲ ਕਟਾਰੀਆ, ਜਨਰਲ ਸਕੱਤਰ ਵਿਨੋਦ ਕੁਮਾਰ ਜੈਨ, ਖਜ਼ਾਨਚੀ ਸੰਜੀਵ ਬਾਂਸਲ ਅਤੇ ਸਕੱਤਰ ਕਮਲਦੀਪ ਬਾਂਸਲ ਹਾਜ਼ਰ ਸਨ।