You are here

ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਨਾਲ ਦਿੱਲੀ ਫਤਿਹ ਦਿਵਸ ਸਮਾਗਮ ਹੋਏ ਸਮਾਪਤ

ਨਵੀਂ ਦਿੱਲੀ, 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਸਾਥੀਆਂ ਵੱਲੋਂ 1783 ਵਿਚ ਦਿੱਲੀ ਫਤਿਹ ਕਰਨ ਤੇ ਸ਼ਾਹ ਆਲਮ ਦੂਜੇ ਨੂੰ ਮਾਤ ਦੇਣ ਦੇ ਦਿਨ ਨੂੰ ਯਾਦ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਮਨਾਏ ਜਾਰਹੇ  ’ਦਿੱਲੀ ਫਤਿਹ ਦਿਵਸ’ ਪ੍ਰੋਗਰਾਮਾਂ ਤਹਿਤ ਜਰਨੈਲੀ ਮਾਰਚ ਅੱਜ ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ ਲਾਲ ਕਿਲ੍ਹੇ ਤੱਕ ਕੱਢਿਆ ਗਿਆ।

ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਅਰਦਾਸ ਉਪਰੰਤ ਹੁਕਮਨਾਮਾ ਲਿਆ ਗਿਆ ਤੇ ਫਿਰ ਇਹ ਜਰਨੈਲੀ ਮਾਰਚ ਸ਼ਾਮ ਤਕਰੀਬਨ 4 ਵਜੇ ਆਰੰਭ ਹੋਇਆ ਜੋ ਦੇਰ ਰਾਤ ਲਾਲ ਕਿਲ੍ਹੇ ’ਤੇ ਸੰਪੰਨ ਹੋਇਆ।

ਇਸ ਪਮਾਰਚ ਦੀ ਅਗਵਾਈ ਗੁਰੂ ਕੀਆਂ ਲਾਡਲੀਆਂ ਨਿਹੰਗ ਫੌਜਾ ਕਰ ਰਹੀਆਂ ਸਨ। ਮਾਰਚ ਵਿਚ ਹੋਰ ਪੰਥਕ ਜਥੇਬੰਦੀ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ। ਰਾਹ ਵਿਚ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਏ ਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਕਲਾ ਦੇ ਜੌਹਰ ਅਪਣਾਉਣ ਲਈ ਸੰਗਤ ਨੂੰ ਪ੍ਰੇਰਿਆ।

ਇਸ ਮਾਰਚ ਮੌਕੇ ਚੱਠਾ ਪੁੱਲ ਯਮੁਨਾ ਬਜ਼ਾਰ ਵਿਖੇ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਵਡਭਾਗੀ ਹੈ ਜੋ ਦਿੱਲੀ ’ਤੇ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਸਾਥੀਆਂ ਦੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਉਹਨਾਂ ਕਿਹਾ ਕਿ 1783 ਵਿਚ ਇਹ ਸਿੱਖ ਫੌਜਾਂ ਸਨ ਜਿਹਨਾਂ ਨੇ ਸ਼ਾਹ ਆਲਮ ਦੂਜੇ ਨੂੰ ਹਰਾ ਕੇ ਨਾ ਸਿਰਫ ਉਸ ਕੋਲੋਂ ਟੈਕਸ ਦਾ ਹਿੱਸਾ ਵਸੂਲਿਆ ਬਲਕਿ ਦਿੱਲੀ ਵਿਚ ਸਿੱਖ ਗੁਰੂ ਸਾਹਿਬਾਨ ਦੇ ਅਸਥਾਨਾਂ ਜਿਹਨਾਂ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਤੇ ਇਹਨਾਂ ਅਸਥਾਨਾਂ ’ਤੇ ਗੁਰਦੁਆਰਾ ਸਥਾਨਾਂ ਦੀ ਉਸਾਰੀ ਕਰਵਾਈ । ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦਿੱਲੀ ਦੇ ਮੁਗਲ ਤਖਤ ਨੂੰ ਸਭ ਤੋਂ ਪਹਿਲਾਂ ਸਿੱਖ ਜਰਨੈਲਾਂ ਨੇ ਮਾਤ ਦਿੱਤੀ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਗੌਰਵਮਈ ਤੇ ਅਮੀਰ ਵਿਰਸੇ ਨੂੰ ਘਰ ਘਰ ਪਹੁੰਚਾਉਣ ਲਈ ਪੂਰੀ ਯੋਜਨਾਬੰਦੀ ਨਾਲ ਕੰਮ ਕਰ ਰਹੀ ਹੈ ਤੇ ਆਉਂਦੇ ਸਮੇਂ ਵਿਚ ਅਸੀਂ ਜਰਨੈਲਾਂ ਬਾਰੇ ਸਾਹਿਤ ਪ੍ਰਕਾਸ਼ਤ ਕਰ ਕੇ ਜਿਸ ਤਰੀਕੇ ਦੀ ਵੀ ਲੋੜ ਹੈ,ਹਰ ਉਸ ਤਰੀਕੇ ਨੂੰ ਅਪਣਾ ਕੇ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਦੀ ਜਾਣਕਾਰੀ ਸਿਰਫ ਦਿੱਲੀ ਜਾਂ ਦੇਸ਼ ਅੰਦਰ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਪਹੁੰਚਾਵਾਂਗੇ।

ਇਸ ਮੌਕੇ ਜਰਨੈਲੀ ਮਾਰਚ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ, ਨਿਹੰਗ ਸਿੰਘ ਸੰਪਰਦਾ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਦਲ ਪੰਥ ਦੀਆਂ ਹੋਰ ਪ੍ਰਮੁੱਖ ਸੰਸਥਾਵਾਂ ਦੇ ਮੈਂਬਰ, ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।