ਮੋਗਾ, ਜੁਲਾਈ 2020 -(ਜੱਜ ਮਸੀਤ/ਰਾਣਾ ਸਖਦੌਲਤ)- ਸ਼ਹਿਰ ਦੇ ਨਿਊ ਟਾਊਨ ਖੇਤਰ 'ਚ ਦਿਨ ਦਿਹਾੜੇ 14 ਜੁਲਾਈ ਨੂੰ ਤੇਜਿੰਦਰ ਸਿੰਘ ਦੀ ਹੱਤਿਆ ਕਬੂਲ ਕਰਨ ਤੋਂ ਬਾਅਦ ਇਕ ਵਾਰ ਫਿਰ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਮੋਗਾ ਪੁਲਿਸ ਨੂੰ ਵੱਡੀ ਚੁਣੌਤੀ ਦਿੱਤੀ ਹੈ। ਪੁਲਿਸ ਨੇ ਗੈਂਗਸਟਰ ਦੇ ਲੋਕਾਂ ਨੂੰ ਫਿਰੌਤੀ ਦੀ ਰਕਮ ਦੇ ਨਾਲ ਫੜ੍ਹਨ ਲਈ ਟਰੈਪ ਲਗਾਇਆ ਸੀ ਪਰ ਸੂਚਨਾ ਲੀਕ ਹੋਣ ਕਾਰਨ ਪੁਲਿਸ ਦਾ ਟਰੈਪ ਫਲਾਪ ਹੋ ਗਿਆ। ਇਸ ਸਬੰਧੀ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਗੈਂਗਸਟਰ ਫੇਕ ਗੇਮ ਖੇਡ ਰਿਹਾ ਹੈ। ਗੈਂਗਸਟਰ ਆਪਣਾ ਕੰਮ ਕਰ ਰਿਹਾ ਹੈ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ। ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ। ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਰ ਹਾਲਤ 'ਤੇ ਪੁਲਿਸ ਦੀ ਨਜ਼ਰ ਹੈ, ਜੋ ਵੀ ਇਹ ਗਲਤ ਕਰ ਰਿਹਾ ਹੈ ਉਹ ਛੇਤੀ ਪੁਲਿਸ ਦੇ ਸ਼ਿਕੰਜੇ 'ਚ ਹੋਵੇਗਾ। ਗੈਂਗਸਟਰ ਨੇ ਫਿਰੌਤੀ ਦੀ ਰਕਮ ਝੁੱਗੀ 'ਚ ਕੁੱਝ ਲੋਕਾਂ ਨੂੰ ਦਿੰਦੇ ਹੋਏ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਤੋਂ ਬਾਅਦ ਧਮਕੀ ਦਿੱਤੀ ਹੈ ਕਿ ਸ਼ਰਮਾ ਫਿਰੌਤੀ ਦੇਣ ਪੁਲਿਸ ਨੂੰ ਨਾਲ ਲੈ ਕੇ ਆਇਆ ਸੀ। ਉਸ ਦੇ ਪੰਜ ਲੱਖ ਵੀ ਗਏ, ਚਾਰ ਪੰਜ ਦਿਨਾਂ 'ਚ ਇੱਥੋਂ ਵੀ ਜਾਵੇਗਾ। ਦੁਪਹਿਰ ਲਗਭਗ ਸਾਢੇ 12 ਵਜੇ ਤਕ ਸੁੱਖਾ ਗਿੱਲ ਦੇ ਨਾਂ ਦੀ ਇਹ ਆਈਡੀ ਚੱਲ ਰਹੀ ਸੀ, ਜਿਸ 'ਚ ਵੀਡੀਓ ਪਾ ਕੇ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਸੀ। ਬਾਅਦ 'ਚ ਇਹ ਫੇਸਬੁੱਕ ਆਈਡੀ ਬੰਦ ਹੋ ਗਈ। ਇਸ ਤੋਂ ਪਹਿਲਾਂ ਹੀ 14 ਜੁਲਾਈ ਨੂੰ ਤੇਜਿੰਦਰ ਸਿੰਘ ਦੀ ਹੱਤਿਆ ਦੇ ਦੋ ਘੰਟੇ ਬਾਅਦ ਸੁੱਖਾ ਗਿੱਲ ਲੰਮੇ ਨੇ ਆਪਣੀ ਫੇਸਬੁੱਕ ਆਈਡੀ 'ਤੇ ਵੀਡੀਓ ਅਪਲੋਡ ਕਰ ਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਮਿਤੀ 17 ਜੁਲਾਈ ਨੂੰ ਸੁੱਖਾ ਦੇ ਹੀ ਦੂਜੇ ਸਾਥੀ ਨਵਦੀਪ ਉਰਫ ਨਵੀ ਨੇ ਪਿੰਡ ਬੁੱਟਰ 'ਚ ਇਕ ਵਿਅਕਤੀ 'ਤੇ ਤਾਬੜਤੋੜ ਫਾਇਰਿੰਗ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਜਗਰਾਓਂ ਪੁਲਿਸ ਤੇ ਪੁਲਿਸ ਦੇ ਸਪੈਸ਼ਲ ਸੈੱਲ ਨੇ ਖਰੜ 'ਚ 24 ਜੁਲਾਈ ਨੂੰ ਨਵਦੀਪ ਉਰਫ ਨਵੀ ਸਹਿਤ ਪੁਲਿਸ ਨੇ ਪੰਜ ਗੈਂਗਸਟਰ ਨੂੰ ਮੁੱਠਭੇੜ ਤੋਂ ਬਾਅਦ ਫੜ੍ਹ ਲਿਆ ਸੀ, ਜਿਸ 'ਚ ਨਵਦੀਪ ਉਰਫ ਨਵੀ ਨੂੰ ਗੋਲੀ ਲੱਗੀ ਸੀ। ਪੁਲਿਸ ਦੀ ਇਸ ਕਾਰਵਾਈ ਤੋਂ ਦੋ ਦਿਨ ਬਾਅਦ ਵੀ ਸੁੱਖਾ ਲੰਮੇ ਨੇ ਪੁਲਿਸ ਨੂੰ ਇਕ ਹੋਰ ਵੱਡੀ ਚੁਣੌਤੀ ਦੇ ਦਿੱਤੀ। ਸੁੱਖਾ ਲੰਮੇ ਦੇ ਨਾਂ ਨਾਲ ਨਵੀਂ ਬਣਾਈ ਫੇਸਬੁੱਕ ਆਈਡੀ 'ਤੇ ਅਪਲੋਡ ਕੀਤੇ ਵੀਡੀਓ 'ਚ ਵਿਖਾਇਆ ਗਿਆ ਹੈ ਕਿ ਇਕ ਇਨੋਵਾ ਕਾਰ 'ਚ ਪੁੱਜੇ ਲੋਕਾਂ ਨੇ ਝੁੱਗੀ ਬਸਤੀ ਦੇ ਕੁੱਝ ਲੋਕਾਂ ਨੂੰ ਗੁੱਟੀਆਂ ਫੜ੍ਹਾ ਰਹੇ ਹਨ। ਵੀਡੀਓ ਇੱਥੋਂ ਤਕ ਹੈ, ਅੱਗੇ ਕੀ ਹੋਇਆ ਕੁੱਝ ਨਹੀਂ ਵਿਖਾਇਆ ਪਰ ਹਟਾਈ ਗਈ ਫੇਸਬੁੱਕ ਆਈਡੀ 'ਤੇ ਸੁੱਖੇ ਦੇ ਨਾਂ ਨਾਲ ਲਿਖਿਆ ਗਿਆ ਸੀ ਕਿ ਸ਼ਰਮਾ ਉਨ੍ਹਾਂ ਦੇ ਬੰਦਿਆਂ ਨੂੰ ਫੜਾਉਣ ਲਈ ਪੁਲਿਸ ਨੂੰ ਲੈ ਕੇ ਪਹੁੰਚਿਆ ਸੀ ਪਰ ਹੁਣ ਉਸ ਦੇ ਪੰਜ ਲੱਖ ਵੀ ਗਏ ਉਹ ਵੀ ਜਾਵੇਗਾ। 14 ਜੁਲਾਈ ਨੂੰ ਤੇਜਿੰਦਰ ਸਿੰਘ ਦੀ ਹੱਤਿਆ ਤੋਂ ਬਾਅਦ ਵੀ ਸੁੱਖਾ ਲੰਮੇ ਵੱਲੋਂ ਇਹੀ ਧਮਕੀ ਅਪਲੋਡ ਕੀਤੀ ਗਈ ਸੀ ਕਿ ਤੇਜਿੰਦਰ ਸਿੰਘ ਨੂੰ ਕੁੱਝ ਕੰਮ ਲਈ ਕਿਹਾ ਗਿਆ ਸੀ ਪਰ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਲਈ ਉਸ ਦੀ ਹੱਤਿਆ ਕਰ ਦਿੱਤੀ ਗਈ।