ਇਹ ਗੱਲ ਕਰੀਬ 50 ਸਾਲ ਪੁਰਾਣੀ ਹੈ। ਅਸੀਂ ਉਦੋਂ ਗੋਨਿਆਨਾ ਮੰਡੀ (ਬਠਿੰਡਾ) ਵਿਖੇ ਰਹਿੰਦੇ ਸਾਂ। ਪਿਤਾ ਜੀ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ। ਮੈਂ ਚੌਥੀ ਜਮਾਤ ਵਿੱਚ ਅਤੇ ਮੇਰਾ ਭਰਾ ਪੰਜਵੀਂ ਵਿੱਚ ਪੜ੍ਹਦੇ ਸਾਂ। ਮੇਰੇ ਪਿਤਾ ਹਰ ਸਾਲ ਵਿਸਾਖੀ ਦੇ ਮੇਲੇ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਸੇਵਾ ਲਈ ਜਾਂਦੇ ਸਨ। ਉਹ ਆਪਣੇ ਨਾਲ ਸਾਨੂੰ, ਪਰਿਵਾਰ ਦੇ ਮੈਂਬਰਾਂ ਨੂੰ, ਵੀ ਲੈ ਕੇ ਜਾਂਦੇ ਸਨ। ਉਨ੍ਹੀਂ ਦਿਨੀਂ ਪਿੰਡਾਂ ਤੋਂ ਲੋਕੀਂ ਸਾਈਕਲਾਂ ਤੇ ਮੇਲੇ ਆਇਆ ਕਰਦੇ ਸਨ। ਸਾਈਕਲ ਸੰਭਾਲਣ ਦੀ ਸੇਵਾ ਪਿਤਾ ਜੀ ਕਰਦੇ। ਉਨ੍ਹਾਂ ਦਾ ਨਾਂ ਵੀ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ਵਿੱਚ ਲਿਖਿਆ ਹੁੰਦਾ ਸੀ। ਅਸੀਂ ਤਿੰਨ ਉਥੇ ਰੁਕਦੇ। ਨਾਲੇ ਦਰਸ਼ਨ ਇਸ਼ਨਾਨ ਕਰਦੇ, ਨਾਲੇ ਸੇਵਾ। ਯਾਨੀ ਨਾਲੇ ਪੁੰਨ ਨਾਲੇ ਫ਼ਲੀਆਂ। ਪਿਤਾ ਜੀ ਨੇ ਆਪਣਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਭਾਸ਼ਣ ਸਾਨੂੰ ਤਿਆਰ ਕਰਵਾਇਆ ਸੀ। ਇਹ ਭਾਸ਼ਣ ਅਸੀਂ ਇਥੇ ਤਖ਼ਤ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿੱਚ ਪੜ੍ਹਿਆ ਕਰਦੇ ਸਾਂ। ਪਰ ਸਮਾਂ ਲੈਣ ਲਈ ਬਹੁਤ ਮਿਹਨਤ ਕਰਨੀ ਪੈਂਦੀ। ਪਿਤਾ ਜੀ ਹੀ ਸਾਨੂੰ ਸਮਾਂ ਲੈ ਕੇ ਦਿੰਦੇ ਸਨ। ਸਾਡਾ ਭਾਸ਼ਣ ਪੜ੍ਹਨ ਦਾ ਤਰੀਕਾ ਬਿਲਕੁਲ ਨਵਾਂ ਤੇ ਵੱਖਰਾ ਸੀ। ਇਸਦੀ ਇੱਕ ਪੰਕਤੀ ਮੈਂ ਤੇ ਅਗਲੀ ਪੰਕਤੀ ਮੇਰਾ ਭਰਾ ਪੜ੍ਹਦਾ। ਜ਼ਬਾਨੀ ਯਾਦ ਕੀਤੇ ਇਸ ਭਾਸ਼ਣ ਨੂੰ ਅਸੀਂ ਵਿਸ਼ੇਸ਼ ਸੰਕੇਤਾਂ/ਇਸ਼ਾਰਿਆਂ ਦੀ ਮਦਦ ਨਾਲ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ। ਵਿੱਚ-ਵਿੱਚ ਕਵਿਤਾ ਦੀਆਂ ਪੰਕਤੀਆਂ ਨੂੰ ਅਸੀਂ ਗਾ ਕੇ ਅਤੇ ਇਕੱਠੇ ਸੁਰਤਾਲ ਨਾਲ ਸੁਣਾਉਂਦੇ। ਪੰਜ ਤੋਂ ਸੱਤ ਮਿੰਟ ਦੇ ਇਸ ਭਾਸ਼ਣ ਨੂੰ ਸੰਗਤਾਂ ਇਕਾਗਰਚਿੱਤ ਅਤੇ ਅਚੰਭੇ ਨਾਲ ਸੁਣਦੀਆਂ। ਛੋਟੀ ਉਮਰ ਦੇ ਬੱਚਿਆਂ ਵੱਲੋਂ ਬਿਨਾਂ ਥਿੜਕੇ, ਬਿਨਾਂ ਡੋਲਿਆਂ, ਬਿਨਾਂ ਭੁੱਲਿਆਂ ਪੇਸ਼ ਕੀਤਾ ਇਹ ਭਾਸ਼ਣ ਸੰਗਤ ਉੱਤੇ ਜਾਦੂਈ ਅਸਰ ਪਾਉਂਦਾ ਤੇ ਉਹ ਇਨਾਮ ਵਜੋਂ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ। ਨੋਟ ਤਾਂ ਭਾਵੇਂ ਉਦੋਂ ਦੋ-ਦੋ, ਪੰਜ-ਪੰਜ ਦੇ ਹੀ ਹੁੰਦੇ ਸਨ, ਕਦੇ ਕੋਈ ਪੰਜਾਹ ਜਾਂ ਸੌ ਦਾ ਨੋਟ ਵੀ ਇਨਾਮ ਵਜੋਂ ਦੇ ਦਿੰਦਾ। ਅੱਜ ਵੀ ਜਦੋਂ ਵਿਸਾਖੀ ਦਾ ਤਿਉਹਾਰ ਆਉਂਦਾ ਹੈ, ਤਾਂ ਮੈਨੂੰ ਇਹ ਘਟਨਾ ਸ਼ਿੱਦਤ ਨਾਲ ਯਾਦ ਆਉਂਦੀ ਹੈ, ਜਿਸਨੂੰ ਹੁਣ ਮੈਂ ਆਪਣੇ ਪਰਿਵਾਰ (ਪਤਨੀ ਤੇ ਬੇਟੀ) ਨਾਲ ਸਾਂਝੀ ਕਰਕੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਂਦਾ ਹਾਂ।
ਪ੍ਰੋ. ਨਵ ਸੰਗੀਤ ਸਿੰਘ - ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.