ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਜਲ ਸ਼ਕਤੀ ਅਭਿਆਨ ਟੀਮ ਵੱਲੋਂ ਸਰਪੰਚਾਂ ਨਾਲ ਮੀਟਿੰਗ
ਰਾਏਕੋਟ, ਅਗਸਤ 2019 ( ਮਨਜਿੰਦਰ ਗਿੱਲ )-ਕੇਂਦਰੀ ਕਿਰਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀਮਤੀ ਵਿਭਾ ਭੱਲਾ ਆਈ. ਆਰ. ਐੱਸ. ਦੀ ਅਗਵਾਈ ਵਿੱਚ ਜ਼ਿਲਾ ਲੁਧਿਆਣਾ ਦਾ ਦੌਰਾ ਕਰ ਰਹੀ ਕੇਂਦਰੀ 'ਜਲ ਸ਼ਕਤੀ ਅਭਿਆਨ' ਟੀਮ ਨੇ ਅੱਜ ਰਾਏਕੋਟ ਵਿਖੇ ਸਬ ਡਵੀਜ਼ਨ ਨਾਲ ਸੰਬੰਧਤ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ। ਐੱਸ. ਡੀ. ਐੱਮ. ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਭੱਲਾ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸਮੇਂ ਪਾਣੀ ਨੂੰ ਬਚਾਉਣ ਲਈ ਸਭ ਤੋਂ ਵਧੇਰੇ ਤਰਜੀਹ ਦੇਣ, ਬਾਕੀ ਕੰਮਾਂ ਨੂੰ ਬਾਅਦ ਵਿੱਚ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਜਲ ਸ਼ਕਤੀ ਅਭਿਆਨ' ਤਹਿਤ ਪੂਰੇ ਦੇਸ਼ ਵਿੱਚ ਸੀਨੀਅਰ ਕੇਂਦਰੀ ਅਧਿਕਾਰੀਆਂ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਵੱਲੋਂ 255 ਜ਼ਿਲਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਵੇਂ ਕਦਮ ਉਠਾਉਣ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਜਾ ਰਿਹਾ ਹੈ। ਜ਼ਿਲਾ ਲੁਧਿਆਣਾ ਦੇ 13 ਬਲਾਕਾਂ ਵਿੱਚੋਂ 12 ਬਲਾਕਾਂ (ਬਲਾਕ ਮਲੌਦ ਛੱਡ ਕੇ) ਵਿੱਚ ਇਸ ਅਭਿਆਨ ਤਹਿਤ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਭੱਲਾ ਨੇ ਸਰਪੰਚਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਜਾ ਕੇ ਔਰਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਮੀਟਿੰਗਾਂ ਕਰਨ ਅਤੇ ਉਨਾਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਬਾਰੇ ਜਾਗਰੂਕ ਕਰਨ। ਉਨਾਂ ਕਿਹਾ ਕਿ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਇਥੇ ਧਰਤੀ ਹੇਠਲੇ ਪਾਣੀ ਦੀ ਸਭ ਤੋਂ ਵਧੇਰੇ ਦੁਰਵਰਤੋਂ ਕੀਤੀ ਜਾ ਰਹੀ ਹੈ। ਹਰੇਕ ਘਰ ਵਿੱਚ ਲਗਾਏ ਆਰ. ਓਜ਼ ਨਾਲ ਲੱਖਾਂ ਲੀਟਰ ਪਾਣੀ ਅਜਾਂਈ ਚਲਿਆ ਜਾਂਦਾ ਹੈ, ਇਸ ਪਾਣੀ ਨਾਲ ਘਰਾਂ ਵਿੱਚ ਪੋਚੇ ਲਗਾਉਣ ਦੇ ਨਾਲ-ਨਾਲ ਪਸ਼ੂਆਂ ਆਦਿ ਨੂੰ ਨਹਿਲਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਛੱਤ ਤੋਂ ਹੇਠਾਂ ਆਉਂਦੇ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ। ਇਸੇ ਤਰਾਂ ਬਾਥਰੂਮ ਵਿੱਚੋਂ ਬਾਹਰ ਨਿਕਲਦਾ ਪਾਣੀ ਸੋਕ ਪਿੱਟ ਬਣਾ ਕੇ ਸੰਭਾਲਿਆ ਜਾ ਸਕਦਾ ਹੈ। ਇਸ ਕੰਮ ਲਈ ਮਨਰੇਗਾ ਤਹਿਤ ਸਰਕਾਰ ਵੱਲੋਂ ਗਰਾਂਟ ਵੀ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਹਰੇਕ ਪਿੰਡ ਵਿੱਚ ਪੌਦੇ ਲਗਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੀ ਪ੍ਰਸੰਸ਼ਾ ਕਰਨੀ ਬਣਦੀ ਹੈ। ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਇਨਾਂ ਪੌਦਿਆਂ ਨੂੰ ਲਗਾਉਣ ਦੇ ਨਾਲ-ਨਾਲ ਸੰਭਾਲਿਆ ਵੀ ਜਾਵੇ। ਉਨਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਇਨਾਂ ਪੌਦਿਆਂ ਨੂੰ ਸੰਭਾਲਣ ਲਈ ਕਲੱਬਾਂ, ਪੰਚਾਂ ਅਤੇ ਹੋਰ ਸੰਸਥਾਵਾਂ ਨੂੰ ਲਾਮਬੰਧ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਕੋਈ ਪਰਿਵਾਰ 200 ਪੌਦਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਲੈਂਦਾ ਹੈ ਤਾਂ ਉਸ ਨੂੰ ਇੱਕ ਸਾਲ ਲਈ ਮਨਰੇਗਾ ਯੋਜਨਾ ਤਹਿਤ 100 ਦਿਨ ਦਿਹਾੜੀ ਵੀ ਦਿੱਤੀ ਜਾਵੇਗੀ। ਸਰਪੰਚਾਂ ਨੂੰ ਕਿਹਾ ਗਿਆ ਕਿ ਪਿੰਡਾਂ ਵਿੱਚ ਪੈਂਦੇ ਛੱਪੜਾਂ ਦੀ ਸਫਾਈ ਯਕੀਨੀ ਬਣਾਈ ਜਾਵੇ। ਛੱਪੜਾਂ ਵਿੱਚ ਗਾਰ ਨਾ ਇਕੱਠੀ ਹੋਣ ਦਿੱਤੀ ਜਾਵੇ। ਉਨਾਂ ਦੱਸਿਆ ਕਿ ਉਨਾਂ ਦੀ ਟੀਮ ਨੇ ਪਿਛਲੇ ਮਹੀਨੇ ਜ਼ਿਲਾ ਲੁਧਿਆਣਾ ਦਾ ਦੌਰਾ ਕੀਤਾ ਸੀ ਅਤੇ ਕੁਝ ਨਵੇਂ ਕੰਮ ਸ਼ੁਰੂ ਕਰਵਾਏ ਸਨ। ਉਨਾਂ ਕੰਮਾਂ ਦੀ ਉਹ ਹੁਣ ਸਮੀਖਿਆ ਕਰ ਰਹੇ ਹਨ। ਟੀਮ ਵੱਲੋਂ ਸਤੰਬਰ ਮਹੀਨੇ ਵਿੱਚ ਮੁੜ ਜ਼ਿਲਾ ਲੁਧਿਆਣਾ ਦਾ ਦੌਰਾ ਕੀਤਾ ਜਾਵੇਗਾ ਅਤੇ ਇਨਾਂ ਕੰਮਾਂ ਦੀ ਸਮੀਖਿਆ ਕੀਤੀ ਜਾਵੇਗੀ। ਉਨਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਨਾਂ ਦੀ ਅਤੇ ਪ੍ਰਸਾਸ਼ਨ ਦੀ ਸਹਾਇਤਾ ਕਰਨ ਤਾਂ ਜੋ ਪੰਜਾਬ ਨੂੰ ਮੁੜ ਤੋਂ ਹਰਾ-ਭਰਾ ਅਤੇ ਸ਼ੁੱਧ ਵਾਤਾਵਰਣ ਵਾਲਾ ਬਣਾਇਆ ਜਾ ਸਕੇ। ਇਸ ਮੀਟਿੰਗ ਵਿੱਚ ਟੀਮ ਮੈਂਬਰ ਸ੍ਰੀਮਤੀ ਗੁਰਪ੍ਰੀਤ ਗਢੋਕ ਡਿਪਟੀ ਸਕੱਤਰ ਕੇਂਦਰੀ ਵਿਭਾਗ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਨਵਨੀਤ ਜੋਸ਼ੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਧਾਰ ਸੁਰੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਰਪੰਚ ਹਾਜ਼ਰ ਸਨ।