You are here

ਜੀ-20 ਦੇਸ਼ਾਂ ਦੇ ਡੈਲੀਗੇਟਸ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਜੀ-20 ਦੇਸ਼ ਵਾਤਾਵਰਨ ਸੰਭਾਲ, ਨੌਜੁਆਨੀ ਨੂੰ ਰੁਜ਼ਗਾਰ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਧਾਰਿਤ ਨੀਤੀਆਂ ਘੜਨ-ਐਡਵੋਕੇਟ ਧਾਮੀ-- ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 17 ਮਾਰਚ-(ਜਨ ਸ਼ਕਤੀ ਨਿਊਜ਼ ਬਿਊਰੋ ) ਜੀ-20 ਸੰਮੇਲਨ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ੍ਰੀ ਅੰਮ੍ਰਿਤਸਰ ਪੁੱਜੇ ਵੱਖ-ਵੱਖ 20 ਦੇਸ਼ਾਂ ਦੇ ਡੈਲੀਗੇਟਸ ਨੇ ਅੱਜ ਮਾਨਵਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਇਸ ਦੌਰਾਨ ਡੈਲੀਗੇਟਸ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਲੰਗਰ ਪ੍ਰਬੰਧ ਅਤੇ ਚੱਲ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਥੇ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੈਲੀਗੇਟਸ ਦਾ ਸਵਾਗਤ ਕੀਤਾ। ਇਸੇ ਦੌਰਾਨ ਡੈਲੀਗੇਟਸ ਨੇ ਪਲਾਜ਼ਾ ਦੇ ਜ਼ਮੀਨਦੋਜ ਹਿੱਸੇ ਵਿਚ ਬਣੇ ਵਿਆਖਿਆ ਕੇਂਦਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਪਲਾਜ਼ਾ ਦੇ ਹੀ ਇਕ ਵਿਸ਼ੇਸ਼ ਹਾਲ ਵਿਚ ਜੀ-20 ਡੈਲੀਗੇਟਸ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਥੇ ਡੈਲੀਗੇਟਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੀ-20 ਡੈਲੀਗੇਟਸ ਨੂੰ ਸ੍ਰੀ ਦਰਬਾਰ ਸਾਹਿਬ ਦੀ ਮਹੱਤਤਾ, ਮਰਯਾਦਾ ਅਤੇ ਸਿਧਾਂਤ ਬਾਰੇ ਦੱਸਦਿਆਂ ਕਿਹਾ ਕਿ ਇਹ ਅਸਥਾਨ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ, ਜਿਥੇ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਰੋਜ਼ਾਨਾ ਨਤਮਸਤਕ ਹੋਣ ਲਈ ਪੁੱਜਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੀ ਜੀ-20 ਪ੍ਰਧਾਨਗੀ ਤਹਿਤ ਵੱਖ-ਵੱਖ ਦੇਸ਼ਾਂ ਤੋਂ ਪੁੱਜੇ ਡੈਲੀਗੇਟਸ ਨੂੰ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਇਤਿਹਾਸਕ ਨਗਰੀ ਹੈ, ਜਿਥੇ ਗੁਰੂ ਸਾਹਿਬ ਨੇ ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੂੰ ਵਸਾਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਭਿੰਨਤਾ ਇਸ ਦੀ ਵਿਸ਼ੇਸ਼ਤਾ ਹੈ, ਜਿਸ ਦਾ ਅਨੁਭਵ ਡੈਲੀਗੇਟਸ ਆਪਣੇ ਦੌਰੇ ਦੌਰਾਨ ਕਰ ਰਹੇ ਹਨ।

ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਡੈਲੀਗੇਟਸ ਨੂੰ ਕਿਹਾ ਕਿ ਜੀ-20 ਦੇਸ਼ ਆਪਣੀਆਂ ਨੀਤੀਆਂ ਸੰਪੂਰਨ ਪਹੁੰਚ ਨਾਲ ਬਣਾਉਣ ਅਤੇ ਅਪਨਾਉਣ। ਉਨ੍ਹਾਂ ਖਾਸ ਕਰਕੇ ਵਾਤਾਵਰਨ ਅਤੇ ਜਲਵਾਯੂ ਪ੍ਰਵਰਤਨ ਦੇ ਮੁੱਦੇ ’ਤੇ ਸਖ਼ਤ ਫੈਸਲੇ ਅਤੇ ਅਜਿਹੀਆਂ ਨੀਤੀਆਂ ਖੜਨ ’ਤੇ ਜ਼ੋਰ ਦਿੱਤਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਸਾਫ਼ ਸੁਥਰੀ ਅਤੇ ਹਰੀ ਭਰੀ ਧਰਤੀ ਦੇ ਸਕੀਏ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਵੀ ਆਪਣੀ ਗੁਰਬਾਣੀ ਅੰਦਰ ਵਾਤਾਵਰਨ ਦੀ ਸੰਭਾਲ ਦੀ ਸਿੱਖਿਆ ਦਿੱਤੀ ਹੈ। ਜੀ-20 ਡੈਲੀਗੇਟਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੀਆਂ ਨੀਤੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ ਕਿ ਨੌਜੁਆਨ ਪੀੜ੍ਹੀ ਦਾ ਦੂਜੇ ਦੇਸ਼ਾਂ ਵਿਚ ਵੱਡੇ ਪੱਧਰ ’ਤੇ ਪ੍ਰਵਾਸ ਨਾ ਹੋਵੇ ਅਤੇ ਨੌਜੁਆਨਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਹੀ ਹੁਨਰ ਅਨੁਸਾਰ ਸਨਮਾਨ ਵਾਲੇ ਮੌਕੇ ਅਤੇ ਰੁਜ਼ਗਾਰ ਦਿੱਤੇ ਜਾਣ। ਉਨ੍ਹਾਂ ਜੀ-20 ਡੈਲੀਗੇਟਸ ਨੂੰ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਨੂੰ ਘੋਖਣ ਅਤੇ ਆਉਣ ਵਾਲੇ ਜੀ-20 ਸੰਮੇਲਨਾਂ ਵਿਚ ਇਸ ਮੁੱਦੇ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਜੀ-20 ਡੈਲੀਗੇਟਸ ਦਾ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ’ਤੇ ਪੁੱਜਣ ’ਤੇ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ 20 ਦੇਸ਼ਾਂ ਦੇ ਡੈਲੀਗੇਟਸ ਅਰਜਨਟੀਨਾ, ਆਸਟ੍ਰੇਲੀਆ, ਬਰਾਜ਼ੀਲ, ਕੈਨੇਡਾ, ਚੀਨ, ਫ੍ਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਕੋਰੀਆ, ਰਸ਼ੀਆ, ਸਾਊਦੀ ਅਰੇਬੀਆ, ਸਾਊਥ ਅਫੀਕਾ, ਤੁਰਕੀ, ਬਰਤਾਨੀਆ, ਬੰਗਲਾਦੇਸ਼, ਅਮਰੀਕਾ, ਯੂਰੋਪੀਅਨ ਯੂਨੀਅਨ, ਯੂਨਾਈਟਡ ਅਰਬ ਐਮੀਰੇਤ, ਓਮਾਨ, ਸਿੰਗਾਪੁਰ, ਮੌਰੀਸ਼ੀਅਸ, ਮਿਸਰ, ਓਈਸੀਡੀ, ਯੂਨੇਸਕੋ, ਯੂਨੀਸੈਫ ਸ਼ਾਮਲ ਸਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਅੰਤ੍ਰਿੰਗ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਸ. ਗੁਰਨਾਮ ਸਿੰਘ ਜੱਸਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਬੰਡਾਲਾ, ਸ. ਖੁਸ਼ਵਿੰਦਰ ਸਿੰਘ ਭਾਟੀਆ, ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ, ਸਕੱਤਰ ਸ. ਪ੍ਰਤਾਪ ਸਿੰਘ, ਡੀਸੀਪੀ ਸ. ਪਰਮਿੰਦਰ ਸਿੰਘ ਭੰਡਾਲ, ਐਸਪੀ ਸ. ਹਰਪਾਲ ਸਿੰਘ, ਐਸਡੀਐਮ ਹਰਕੰਵਲ ਸਿੰਘ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਗੁਰਚਰਨ ਸਿੰਘ ਕੁਹਾਲਾ, ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਹਰਿੰਦਰ ਸਿੰਘ, ਸ. ਰਣਧੀਰ ਸਿੰਘ, ਸ. ਸਰਬਜੀਤ ਸਿੰਘ, ਸ. ਜਤਿੰਦਰਪਾਲ ਸਿੰਘ ਅਤੇ ਹੋਰ ਮੌਜੂਦ ਸਨ।