ਮੋਗਾ 9 ਮਾਰਚ (ਜਸਵਿੰਦਰ ਸਿੰਘ ਰੱਖਰਾ) : ਉਘੇ ਸਮਾਜ ਸੇਵੀ ਅਤੇ ਐਨ ਆਰ ਆਈ ਪਰਮਜੀਤ ਸਿੰਘ ਕੈਨੇਡੀਅਨ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਪਣੇ ਗ੍ਰਹਿ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਸ ਖੁਸ਼ੀ ਵਿੱਚ ਪਿੰਡ ਡਾਲਾ ਦੇ ਪੰਜ ਸਰਕਾਰੀ ਸਕੂਲਾਂ ਅਤੇ ਸਰਕਾਰੀ ਡਿਸਪੈਂਸਰੀ ਨੂੰ 101 ਪੱਖੇ ਦਾਨ ਕੀਤੇ। ਪਿੰਡ ਡਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਅਤੇ ਲੜਕੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਆਂਗਨਵਾੜੀ ਕੇਂਦਰਾਂ ਅਤੇ ਸਰਕਾਰੀ ਡਿਸਪੈਂਸਰੀ ਨੂੰ ਇਹ ਪੱਖੇ ਦਿੱਤੇ ਗਏ। ਸਰਕਾਰੀ ਡਿਸਪੈਂਸਰੀ ਨੂੰ ਸੱਤ ਪੱਖੇ ਦਿੱਤੇ ਜਾਣ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਢਿੱਲੋਂ ਨੇ ਸ. ਪਰਮਜੀਤ ਸਿੰਘ ਕੈਨੇਡੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਇਹ ਸਹਾਇਤਾ ਬਹੁਤ ਲਾਹੇਵੰਦ ਸਾਬਤ ਹੋਵੇਗੀ ਅਤੇ ਇਸ ਨਾਲ ਜਿੱਥੇ ਸਟਾਫ ਨੂੰ ਸਹੂਲਤ ਹੋਵੇਗੀ, ਉਥੇ ਮਰੀਜ਼ਾਂ ਨੂੰ ਵੀ ਇਸਦਾ ਲਾਭ ਹੋਵੇਗਾ। ਇਸ ਮੌਕੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਨੇ ਵੀ ਇਹ ਮਹਾਂਦਾਨ ਦੀ ਤਾਰੀਫ ਕਰਦਿਆਂ ਪਰਮਜੀਤ ਸਿੰਘ ਕੈਨੇਡੀਅਨ ਦਾ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਸ. ਪਰਮਜੀਤ ਸਿੰਘ ਕੈਨੇਡੀਅਨ ਤੋਂ ਇਲਾਵਾ ਨੰਬਰਦਾਰ ਬਲਜਿੰਦਰ ਸਿੰਘ ਬੱਲੀ, ਪੰਚ ਡਾਕਟਰ ਗੁਰਪ੍ਰੀਤ ਸਿੰਘ, ਪੰਚ ਰਣਜੀਤ ਸਿੰਘ, ਕਾਮਰੇਡ ਮਹਿੰਦਰ ਸਿੰਘ, ਸੁਸਾਇਟੀ ਮੈੰਬਰ ਗੁਰਪ੍ਰੀਤ ਸਿੰਘ, ਜਪਨਾਮ ਸਿੰਘ, ਤਰਸੇਮ ਸਿੰਘ ਜੰਡੂ ਅਤੇ ਸਮੂਹ ਗ੍ਰਾਮ ਪੰਚਾਇਤ ਡਾਲਾ ਹਾਜਰ ਸਨ।