ਤਿੰਨ ਕੁ ਸਾਲ ਪਹਿਲਾਂ ਮੈਨੂੰ ਸਰਕਾਰੀ ਹਾਈ ਸਕੂਲ ਬਿੰਜੋਂ(ਹੁਸ਼ਿਆਰਪੁਰ) ਵਿੱਚ ਸਾਇੰਸ ਮਿਸਟਰੈਸ ਦੀ ਨੌਕਰੀ ਮਿਲ ਗਈ ਸੀ। ਮੇਰਾ ਤਿੰਨ ਸਾਲ ਦਾ ਪਰਖ ਕਾਲ ਦਾ ਸਮਾਂ ਬਿਨਾਂ ਕਿਸੇ ਰੁਕਾਵਟ ਤੋਂ ਪੂਰਾ ਹੋ ਗਿਆ ਸੀ। ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਪਤੀ ਨਾਲ ਸਲਾਹ ਕਰਕੇ ਮੈਂ ਆਪਣੇ ਘਰ ਵਿੱਚ ਅਖੰਡ ਪਾਠ ਕਰਵਾਉਣ ਦਾ ਫੈਸਲਾ ਕਰ ਲਿਆ। ਮੇਰੀ ਵੱਡੀ ਭੈਣ ਰੋਪੜ ਰਹਿੰਦੀ ਹੈ। ਉਸ ਦਾ ਪਤੀ ਇੱਥੇ ਪੁਲਿਸ ਮੈਨ ਲੱਗਾ ਹੋਇਆ ਸੀ। ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ। ਸੁੱਕੀ ਸ਼ਰਾਬ ਪੀ ਕੇ ਉਸ ਦਾ ਮਿਹਦਾ ਖਰਾਬ ਹੋ ਗਿਆ ਸੀ। ਫਿਰ ਇੱਕ ਦਿਨ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਾ ਸੀ। ਤਰਸ ਦੇ ਆਧਾਰ ਤੇ ਉਸ ਦੇ ਮੁੰਡੇ ਮਨਜੀਤ ਨੂੰ ਪੁਲਿਸ ਮੈਨ ਦੀ ਨੌਕਰੀ ਮਿਲ ਗਈ ਸੀ। ਅਖੰਡ ਪਾਠ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਮੈਂ ਸਵੇਰੇ, ਸਵੇਰੇ ਆਪਣੀ ਵੱਡੀ ਭੈਣ ਨੂੰ ਫੋਨ ਕਰਕੇ ਆਖਿਆ,"ਭੈਣ ਜੀ, ਅਸੀਂ ਆਪਣੇ ਘਰ ਅਖੰਡ ਪਾਠ ਕਰਵਾਣਾ ਆਂ। ਅਖੰਡ ਪਾਠ ਸਵੇਰ ਤੋਂ ਸ਼ੁਰੂ ਹੋ ਜਾਵੇਗਾ।ਤੁਸੀਂ ਤਿੰਨ ਦਿਨ ਸਾਡੇ ਨਾਲ ਰਲ ਕੇ ਸੇਵਾ ਕਰਨੀ ਆਂ।ਮਨਜੀਤ ਤਾਂ ਚਲੋ ਡਿਊਟੀ ਤੇ ਚਲੇ ਜਾਂਦਾ ਆ। ਉਹ ਭੋਗ ਵਾਲੇ ਦਿਨ ਆ ਜਾਵੇ।"
"ਬਿੰਦਰ ਤੈਨੂੰ ਮੇਰੇ ਘਰ ਦੇ ਹਾਲਾਤਾਂ ਦਾ ਪਤਾ ਈ ਆ। ਤੇਰੇ ਜੀਜੇ ਨੇ ਘਰ ਨੂੰ ਨਰਕ ਬਣਾਇਆ ਹੋਇਆ ਸੀ। ਹੁਣ ਮਨਜੀਤ ਨੂੰ ਨੌਕਰੀ ਮਿਲਣ ਤੇ ਸੁੱਖ ਦਾ ਸਾਹ ਆਇਆ ਆ।
ਮੈਨੂੰ ਇਸ ਦਾ ਪੂਰਾ ਧਿਆਨ ਰੱਖਣਾ ਪੈਂਦਾ ਆ। ਕਿਤੇ ਤੇਰੇ ਜੀਜੇ ਵਾਲੇ ਰਸਤੇ ਨਾ ਪੈ ਜਾਵੇ, ਮੈਂ ਇਸ ਨੂੰ ਘਰ ਕੱਲਾ ਨੀ ਛੱਡਦੀ। ਨਾਲੇ ਤੈਨੂੰ ਦੱਸਾਂ ਅਸੀਂ ਦੋਵੇਂ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਗੁਰੂ ਵਾਲੇ ਬਣ ਗਏ ਆਂ। ਅਸੀਂ ਦੋਵੇਂ ਮਾਂ -ਪੁੱਤ ਭੋਗ ਵਾਲੇ ਦਿਨ ਹੀ ਆਵਾਂਗੇ।"
ਮੈਨੂੰ ਆਪਣੀ ਵੱਡੀ ਭੈਣ ਦੀਆਂ ਗੱਲਾਂ ਵਿੱਚ ਵਜ਼ਨ ਲੱਗਾ ਤੇ ਆਖਿਆ," ਭੈਣ ਜੀ, ਕੋਈ ਗੱਲ ਨੀ। ਜਿੱਦਾਂ ਤੁਹਾਨੂੰ ਚੰਗਾ ਲੱਗਾ, ਉਦਾਂ ਕਰ ਲਿਉ।"
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554