ਨੈਸ਼ਨਲ ਲਾਇਬਰੇਰੀ ਸੰਨ 1930 ਵਿੱਚ ਕਲਕੱਤਾ ਵਿਖੇ ਬਣਾਈ ਗਈ ਸੀ। ਅੱਜ-ਕੱਲ੍ਹ ਕਲਕੱਤਾ ਨੂੰ ਕੋਲਕਾਤਾ ਕਿਹਾ ਜਾਂਦਾ ਹੈ। ਉਸ ਸਮੇਂ ਇਸ ਦਾ ਪਹਿਲਾ ਨਾਂ ‘ਇੰਪੀਰੀਅਲ ਲਾਇਬਰੇਰੀ’ ਸੀ। ਜਿਸ ਨੂੰ ਬਾਅਦ ਵਿੱਚ ਨੈਸ਼ਨਲ ਲਾਇਬਰੇਰੀ ਦੇ ਨਾਂ ਵਿੱਚ ਬਦਲ ਦਿੱਤਾ ਗਿਆ। ‘ਡਿਲਿਵਰੀ ਆਫ ਬੁਕਸ ਐਂਡ ਨਿਉੂਜ਼ ਪੇਪਰ ਐਕਟ 1954’ ਦੇ ਅਧੀਨ ਇਸ ਲਾਇਬਰੇਰੀ ਨੂੰ ਬਣਾਇਆ ਗਿਆ। ਇਸ ਐਕਟ ਵਿੱਚ ਦੋ ਸਾਲ ਬਾਅਦ ਸੋਧ ਕੀਤੀ ਗਈ ਜਿਸ ਅਨੁਸਾਰ ਪ੍ਰਕਾਸ਼ਕਾਂ, ਪਬਲਿਸ਼ਰਾਂ ਤੇ ਮਾਲਕਾਂ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਕਿ ਉਹ ਆਪਣੀਆਂ ਕਿਤਾਬਾਂ, ਰਸਾਲਿਆਂ, ਨਿਉੂਜ਼ ਪੇਪਰਾਂ, ਪੱਤਰਕਾਵਾਂ ਦੀਆਂ ਦੋ-ਦੋ ਕਾਪੀਆਂ ਇਸ ਲਾਇਬਰੇਰੀ ਵਿੱਚ ਮੁਫ਼ਤ ਜਮ੍ਹਾ ਕਰਵਾਉਣਗੇ। ਪਰ ਇਸ ਦੀ ਜਾਣਕਾਰੀ ਬਹੁਤੇ ਪਬਲਿਸ਼ਰਾਂ ਨੂੰ ਹਾਲੇ ਤੱਕ ਵੀ ਨਹੀਂ ਹੈ।
ਇਸ ਦੀ ਜਾਣਕਾਰੀ ਲਾਇਬਰੇਰੀ ਦੀ ਸਹਾਇਕ ਸੂਚਨਾ ਅਧਿਕਾਰੀ ਸੁਨੀਤਾ ਅਰੋੜਾ ਵੱਲੋਂ ਦੇਸ਼ ਵਿੱਚ ਲੱਗਦੇ ਪ੍ਰਸਿੱਧ ਪੁਸਤਕ ਤੇ ਸੱਭਿਆਚਾਰਕ ਮੇਲਿਆਂ ਵਿੱਚ ਆਪਣੀ ਲਾਇਬਰੇਰੀ ਤਰਫ਼ੋਂ ਸਟਾਲਾਂ ਲਗਾ ਕੇ ਪੁਸਤਕਾਂ ਖ਼ਰੀਦਣ ਵਾਲਿਆਂ ਤੇ ਪ੍ਰਕਾਸ਼ਕਾਂ ਆਦਿ ਨੂੰ ਦਿੱਤੀ ਜਾਂਦੀ ਰਹੀ ਹੈ।
ਇਸ ਲਾਇਬਰੇਰੀ ਦੀ ਖ਼ਾਸੀਅਤ ਹੈ ਕਿ ਇਸ ਲਾਇਬਰੇਰੀ ਵਿੱਚ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ, ਰਸਾਲੇ, ਅਖ਼ਬਾਰ, ਪੱਤਰਕਾਵਾਂ ਨੂੰ ਆਧੁਨਿਕ ਤਕਨੀਕ ਨਾਲ ਸਾਂਭ-ਸੰਭਾਲ ਕੇ ਰੱਖਿਆ ਗਿਆ ਹੈ। 30 ਫੀਸਦੀ ਪ੍ਰਕਾਸ਼ਕਾਂ ਵੱਲੋਂ ਹੀ ਇਸ ਲਾਇਬਰੇਰੀ ਵਿੱਚ ਆਪਣੀਆਂ ਪ੍ਰਕਾਸ਼ਨਾਵਾਂ ਭੇਜੀਆਂ ਜਾਂਦੀਆਂ ਹਨ ਤਾਂ ਵੀ ਇਸ ਵਿੱਚ 25 ਲੱਖ ਤੋਂ ਵੱਧ ਕਿਤਾਬਾਂ ਦਾ ਭੰਡਾਰ ਹੈ। ਜਿਸ ਵਿੱਚ ਸਭ ਤੋਂ ਵੱਧ ਪ੍ਰਕਾਸ਼ਨਾਵਾਂ ਹਿੰਦੀ ਵਿੱਚ, ਫਿਰ ਬੰਗਲਾ (ਬੰਗਾਲੀ) ਵਿੱਚ ਤੇ ਫਿਰ ਅੰਗਰੇਜ਼ੀ, ਭਾਸ਼ਾਵਾਂ ਵਿੱਚ ਹਨ।
ਨੈਸ਼ਨਲ ਲਾਇਬਰੇਰੀ ਦੇਸ਼ ਦਾ ਵੱਡਾ ਸਰਮਾਇਆ ਹੈ। ਜਿਸ ਵਿੱਚ ਕਿਤਾਬਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ। ਸਾਰੀਆਂ ਕਿਤਾਬਾਂ ਦੀ ਡਿਜ਼ੀਟਲਾਈਜੇਸ਼ਨ ਕੀਤੀ ਗਈ ਹੈ। ਕੋਈ ਵੀ ਵਿਅਕਤੀ ਜਦੋਂ ਵੀ ਚਾਹੇ ਕਿਤਾਬ ਪੜ੍ਹ ਸਕਦਾ ਹੈ। ਪਾਠਕਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਲਾਇਬਰੇਰੀ ਵਿੱਚ ਪੰਜਾਬੀ ਦੀਆਂ 30 ਹਜ਼ਾਰ ਤੋਂ ਵੱਧ ਪੁਸਤਕਾਂ ਤੇ ਪ੍ਰਕਾਸ਼ਨਾਵਾਂ ਹਨ ਜੋ ਕਿ ਮਾਣ ਵਾਲੀ ਗੱਲ ਹੈ। ਨੈਸ਼ਨਲ ਲਾਇਬਰੇਰੀ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਹੈ। ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਤੱਕ ਹੈ। 26 ਜਨਵਰੀ (ਗਣਤੰਤਰ ਦਿਵਸ), 15 ਅਗਸਤ (ਅਜ਼ਾਦੀ ਦਿਵਸ), 2 ਅਕਤੂਬਰ (ਮਹਾਤਮਾ ਗਾਂਧੀ ਜਨਮ-ਦਿਨ) ਇਹਨਾਂ ਦਿਨਾਂ ਵਿੱਚ ਲਾਇਬਰੇਰੀ ’ਚ ਛੁੱਟੀ ਹੁੰਦੀ ਹੈ।
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ