You are here

ਸਾਹਿਤ ਸਭਾ ਜਗਰਾਓਂ ਵੱਲੋਂ ਸਾਲਾਨਾ ਸਮਾਗਮ  ਕਰਵਾਇਆ ਗਿਆ- Video

ਜਗਰਾਉਂ (ਅਮਿਤ ਖੰਨਾ/ਸਤਪਾਲ ਸਿੰਘ ਦੇਹਡ਼ਕਾ)  ਸਾਹਿਤ ਸਭਾ ਜਗਰਾਓਂ ( ਰਜਿ. ) ਵੱਲੋਂ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਪੁਲੀਸ ਪੈਨਸ਼ਨਰਜ਼ ਤੇ ਵੈਲਫੇਅਰ ਭਵਨ  ਜਗਰਾਓਂ ਵਿਖੇ ਕਰਵਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ.ਕਰਮ ਸਿੰਘ ਸੰਧੂ ਜੀ ਨੇ ਕੀਤੀ । ਮੈਨੇਜਰ ਗੁਰਦੀਪ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ । ਉਪਰੰਤ ਇਸ ਸਮਾਗਮ ਵਿੱਚ ਰਾਜਦੀਪ ਸਿੰਘ ਤੂਰ ਦੇ ਗ਼ਜ਼ਲ ਸੰਗ੍ਰਹਿ  “ ਰੂਹ ਵੇਲ਼ਾ ” ਉੱਪਰ ਗੋਸ਼ਟੀ ਕਰਵਾਈ ਗਈ , ਜਿਸ ਵਿੱਚ  ਪ੍ਰਸਿੱਧ ਲੇਖਕ , ਆਲੋਚਕ ਤੇ ਚਿੰਤਕ ਡਾ .  ਅਰਵਿੰਦਰ ਕੌਰ ਕਾਕੜਾ  ਵੱਲੋਂ ਪੇਪਰ ਪੜ੍ਹਿਆ ਗਿਆ । ਜਿਸ ਵਿੱਚ ਉਹਨਾ ਰਾਜਦੀਪ ਤੂਰ ਦੀ ਸ਼ਾਇਰੀ ਬਾਰੇ ਚਰਚਾ ਕੀਤੀ । ਜਿਸ ਵਿੱਚ ਉਹਨਾ ਕਿਹਾ ਕਿ ਰਾਜਦੀਪ ਤੂਰ ਨੇ ਗ਼ਜ਼ਲ ਦੇ ਵਿਧੀ ਵਿਧਾਨ ਦੇ ਪਾਬੰਦ ਰਹਿੰਦੇ ਹੋਏ ਸਮਕਾਲ ਦੀ ਵਾਸਤਵਿਕ ਹਕੀਕਤ ਨੂੰ ਬਿਆਨਿਆ ਹੈ । ਰਾਜਦੀਪ ਦੀ ਗ਼ਜ਼ਲ ਦੀ ਇਹ ਵੀ ਖੂਬੀ ਉਘੜਦੀ ਹੈ ਕਿ ਬੀਤੇ ਦੇ ਨਕਸ਼ਾਂ ਨੂੰ ਵਰਤਮਾਨ ਦੀ ਦਹਿਲੀਜ਼ ‘ਤੇ ਉਤਾਰ ਲੈਂਦਾ ਹੈ , ਅਜਿਹੀ ਦ੍ਰਿਸ਼ਟੀ ਗ਼ਜ਼ਲ ਅੰਦਰ ਸਦੀਵੀ ਰੂਹ ਪਾ ਦਿੰਦੀ ਹੈ ।  ਤੂਰ ਦੀ ਸ਼ਾਇਰੀ ਲੋਕ ਸ਼ਕਤੀ ਦੀ ਵਿਸ਼ਾਲਤਾ ਨੂੰ ਸਮਝਦੀ ਹੋਈ ਸਮਾਜਕ ਪ੍ਰਬੰਧ ਦੇ ਬਦਲ ਲਈ ਹੋਕਾ ਦਿੰਦੀ ਜ਼ਿੰਦਗੀ ਲਈ ਲੜਨ ਵਾਲੇ ਲੋਕਾਂ ਦੀ ਹਮਾਇਤ ਕਰਦੀ ਹੈ । ਪੇਪਰ ‘ਤੇ ਬਹਿਸ ਦੌਰਾਨ ਅਵਤਾਰ ਜਗਰਾਓਂ , ਹਰਬੰਸ ਅਖਾੜਾ ਤੇ ਜੋਗਿੰਦਰ ਆਜ਼ਾਦ ਹੋਰਾਂ ਨੇ ਰਾਜਦੀਪ ਤੂਰ ਦੇ ਜੀਵਨ ਤੇ ਸ਼ਾਇਰੀ ਦੇ ਇੱਕ ਮਿੱਕ ਹੋਣ ਬਾਰੇ ਵੀ ਕਿਹਾ । ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਨੇ ਕਿਹਾ ਕਿ ਤੂਰ ਲਈ ਸ਼ਾਇਰੀ ਜ਼ਹਿਨੀ ਅਯਾਸ਼ੀ ਨਾ ਹੋ ਕੇ ਸਮਾਜਿਕ ਜ਼ੁੰਮੇਵਾਰੀ ਹੈ ।
ਸਨਮਾਨ ਸਮਾਰੋਹ ਵਿੱਚ ਮਾਤਾ ਹਰਬੰਸ ਕੌਰ ਧਾਲੀਵਾਲ ( ਚੌਕੀਮਾਨ ) ਯਾਦਗਾਰੀ ਜਸਵੰਤ ਕੰਵਲ ਗ਼ਲਪ ਪੁਰਸਕਾਰ ਵਿਲੱਖਣ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੂੰ ਦਿੱਤਾ ਗਿਆ । ਜਿੰਨ੍ਹਾਂ ਦਾ ਸਨਮਾਨ ਪੱਤਰ ਐਚ.ਐਸ.ਡਿੰਪਲ ਵੱਲੋਂ ਪੜ੍ਹਿਆ ਗਿਆ ਤੇ ਉਹਨਾ ਬਾਰੇ ਦੋ ਸ਼ਬਦ ਸਾਂਝੇ ਕੀਤੇ ਗਏ ।  ਪ੍ਰਿੰਸੀਪਲ ਤਖ਼ਤ ਸਿੰਘ ਗ਼ਜ਼ਲ ਪੁਰਸਕਾਰ ਸੁਪ੍ਰਸਿੱਧ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨੂੰ ਦਿੱਤਾ ਗਿਆ । ਜਿੰਨਾ ਬਾਰੇ ਦੋ ਸ਼ਬਦ ਪ੍ਰੋ. ਕਰਮ ਸਿੰਘ ਸੰਧੂ ਹੋਰਾਂ ਨੇ ਕਹੇ ਤੇ ਉਹਨਾ ਦਾ ਸਨਮਾਨ ਪੱਤਰ ਪੜ੍ਹਿਆ । ਸਭਾ ਵੱਲੋਂ ਇਸ ਵਾਰ ਤੋਂ ਸ਼ੁਰੂ ਕੀਤਾ ਰਾਜਿੰਦਰ ਰਾਜ਼ ਸਵੱਦੀ ਕਾਵਿ ਪੁਰਸਕਾਰ ਕਵੀ ਗੁਰਪ੍ਰੀਤ ਮਾਨਸਾ ਨੂੰ ਪ੍ਰਦਾਨ ਕੀਤਾ ਗਿਆ । ਇਹਨਾ ਦਾ ਸਨਮਾਨ ਪੱਤਰ ਹਰਪ੍ਰੀਤ ਅਖਾੜਾ ਵੱਲੋਂ ਪੜ੍ਹਿਆ ਗਿਆ । ਇਹਨਾ ਦਿੱਤੇ ਗਏ ਸਨਮਾਨਾਂ ਵਿੱਚ 5100 -  ਰੁਪਏ, ਇੱਕ ਲੋਈ ਤੇ ਮੋਮੈਂਟੋ ਭੇਟ ਕੀਤਾ ਗਿਆ । ਸਭਾ ਵੱਲੋਂ ਦਿੱਤੀ ਜਾਂਦੀ ਯਾਦ ਨਿਸ਼ਾਨੀ ਇਸ ਵਾਰ ਸਭਾ ਦੇ ਹੋਣਹਾਰ ਮਿੰਨੀ ਕਹਾਣੀਕਾਰ ਦਵਿੰਦਰਜੀਤ ਬੁਜ਼ੁਰਗ ਨੂੰ ਦਿੱਤੀ ਗਈ ।
ਇਸ ਸਮਾਗਮ ਵਿੱਚ ਸਾਹਿਤ ਸਭਾ ਦੇ ਸਤਿਕਾਰਤ ਸਾਹਿਤਕਾਰ ਹਰਕੋਮਲ ਬਰਿਆਰ ਦਾ ਗ਼ਜ਼ਲ ਸੰਗ੍ਰਿਹ “ ਸ਼ਬਦਾਂ ਦੀ ਲੋਅ” , ਹਰਬੰਸ ਅਖਾੜਾ ਦਾ ਕਹਾਣੀ ਸੰਗ੍ਰਹਿ, “ ਆਂਦਰਾਂ ਦਾ ਸੇਕ “ ਤੇ ਬਲਵੰਤ ਸਿੰਘ ਮੁਸਾਫਿਰ ਦਾ ਨਾਵਲ, ” ਸੁਜੀਤ ਕੁਝ ਬੋਲ “ ਲੋਕ ਅਰਪਣ ਕੀਤਾ ਗਏ ।
ਉਪਰੰਤ ਹੋਏ ਕਵੀ ਦਰਬਾਰ ਵਿੱਚ , ਮਨੀ ਹਠੂਰ, ਮਨੋਜ ਫਗਵਾੜਵੀ, ਮਨਦੀਪ ਲੁਧਿਆਣਾ, ਗੀਤ ਗੁਰਜੀਤ, ਗੁਰਪ੍ਰੀਤ ਧਰਮਕੋਟ, ਨਕਾਸ਼ ਚਿੱਤੇਵਾਣੀ, ਕੁਲਦੀਪ ਚਿਰਾਗ, ਅਮਰਿੰਦਰ, ਸੋਹਲ, ਪਰਮਿੰਦਰ ਅਲਬੇਲਾ, ਹਰਬੰਸ ਅਖਾੜਾ, ਸੁਖਜੀਵਨ ਰਾਮਪੁਰੀ,  ਲੇਖਕ, ਫਿਲਮ ਸਟਾਰ ਤੇ ਡਾਇਰੈਕਟਰ  ਮੈਡਮ ਰਮਨ ਸੰਧੂ, ਵੀਰਪਾਲ ਕੌਰ ਭੱਠਲ, ਜੋਗਿੰਦਰ ਆਜ਼ਾਦ, ਅਰਵਿੰਦਰ ਕੌਰ ਕਾਕੜਾ,  ਐਚ ਐਸ ਡਿੰਪਲ, ਮੇਜਰ ਸਿੰਘ ਛੀਨਾ, ਪ੍ਰਿੰਸੀਪਲ ਮੈਡਮ ਦਲਜੀਤ ਕੌਰ ਹਠੂਰ, ਹਰਪ੍ਰੀਤ ਅਖਾੜਾ, ਕਰਮਜੀਤ ਗਰੇਵਾਲ, ਤੇ ਸੁਖਦੇਵ ਹਠੂਰ ਹੋਰਾਂ ਨੇ ਹਿੱਸਾ ਲਿਆ । 
ਪ੍ਰਧਾਨਗੀ ਭਾਸ਼ਨ ਵਿੱਚ ਕਰਮ ਸਿੰਘ ਸੰਧੂ ਹੋਰਾਂ ਨੇ ਸਫਲ ਸਮਾਗਮ ਲਈ ਸਾਹਿਤ ਸਭਾ ਜਗਰਾਓਂ ਨੂੰ ਮੁਬਾਰਕਬਾਦ ਦਿੱਤੀ । ਅਖੀਰ ਵਿੱਚ ਹਰਬੰਸ ਸਿੰਘ ਅਖਾੜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ । ਉਪਰੰਤ ਆਏ ਹੋਏ ਮਹਿਮਾਨਾਂ ਨੂ ਖਾਣਾ  ਛਕਾਇਆ ਗਿਆ ।
ਇਸ ਸਾਰੇ ਸਮਾਗਮ ਨੂੰ ਜਨ ਸ਼ਕਤੀ ਨਿਊਜ਼ ਚੈਨਲ ਤੇ ਅਨੰਤ ਕ੍ਰਰੀਏਸ਼ਨ  ਵੱਲੋਂ ਲਾਈਵ ਵਿਖਾਇਆ ਗਿਆ  ।
ਇਸ ਸਮਾਗਮ ਵਿੱਚ  ਮਹਿੰਦਰ ਸਿੰਘ ਰੂਮੀ, ਡਾਕਟਰ ਦਿਲਬਾਗ ਸਿੰਘ, ਡਾਕਟਰ ਸਾਧੂ ਸਿੰਘ,ਲਾਲੀ ਕਰਤਾਰਪੁਰ, ਅਜੀਤ ਪਿਆਸਾ,ਅਰਸ਼ਦੀਪ ਪਾਲ ਸਿੰਘ, ਰਣਜੀਤ ਹਠੂਰ, ਮਹਿੰਦਰ ਸਿੰਘ ਤਤਲਾ, ਬਲਵੰਤ ਸਿੰਘ ਮੁਸਾਫਿਰ, ਕਮਲਜੀਤ ਕੰਵਰ, ਸ਼ੁਭਮ  ਚਾਵਲਾ, ਅੰਮ੍ਰਿਤਵੀਰ , ਜਗਦੀਸ਼ ਸਿੰਘ, ਦਰਸ਼ਨ ਸਿੰਘ ਸਿੱਧੂ ਤੇ ਪਰਮਜੀਤ ਸਿੰਘ ਹੋਰਾਂ ਨੇ ਸ਼ਿਰਕਤ ਕੀਤੀ ।