You are here

ਮੋਗਾ ਵਿਖੇ ਭਾਸ਼ਾ ਵਿਭਾਗ ਪੰਜਾਬ ਦਾ 75ਵਾਂ ਸਥਾਪਨਾ ਦਿਵਸ ਮਨਾਇਆ

 ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਗ਼ਦਰੀ ਗੁਲਾਬ ਕੌਰ’ ਦਾ ਲੋਕ ਅਪਰਣ
ਮੋਗਾ, 03 ਜਨਵਰੀ - (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵਿਖੇ ਭਾਸ਼ਾ ਵਿਭਾਗ ਦੇ 75ਵੇਂ ਸਥਾਪਨਾ ਦਿਵਸ ਮੌਕੇ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰਸਿੱਧ ਪੰਜਾਬੀ ਵਿਅੰਗਕਾਰ ਸ਼੍ਰੀ ਕੇ. ਐੱਲ. ਗਰਗ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ, ਸ. ਗੁਰਬਚਨ ਸਿੰਘ ਚਿੰਤਕ ਅਤੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਸ਼ਾਮਿਲ ਹੋਏ। ਇਹਨਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸਾਹਿਤਕ ਸ਼ਖ਼ਸੀਅਤਾਂ ਨੇ ਭਾਗ ਲਿਆ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਅਜੀਤਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਰਾਜ ਭਾਸ਼ਾ ਪੰਜਾਬੀ ਦੀ ਸੰਭਾਲ ਅਤੇ ਤਰੱਕੀ ਲਈ ਕੀਤੇ ਜਾਂਦੇ ਯਤਨਾਂ ਬਾਰੇ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ। ਉਪਰੰਤ ਭਾਸ਼ਾ ਵਿਭਾਗ ਦੀ ਬਣਤਰ ਅਤੇ ਗਤੀਵਿਧੀਆਂ ਨਾਲ ਸੰਬੰਧਿਤ ਵਿਸ਼ੇਸ਼ ਡਾਕੂਮੈਂਟਰੀ ਅਤੇ ਪੀ.ਪੀ.ਟੀ. ਪ੍ਰਸਤੁਤ ਕੀਤੀ ਗਈ। ਇਸ ਮੌਕੇ ਸ. ਬਲਦੇਵ ਸਿੰਘ ਸੜਕਨਾਮਾ ਦੇ ਨਵੇਂ ਨਾਵਲ ‘ਗ਼ਦਰੀ ਗੁਲਾਬ ਕੌਰ’ ਦਾ ਲੋਕ ਅਪਰਣ ਕੀਤਾ ਗਿਆ।
ਸਮਾਗਮ ਦੌਰਾਨ ਭਾਸ਼ਾ ਵਿਭਾਗ, ਪੰਜਾਬ ਦੇ ਸਥਾਪਨਾ ਦਿਵਸ ਸੰਬੰਧੀ ਕੀਤੀ ਗਈ ਵਿਚਾਰ ਚਰਚਾ ਵਿਚ ਕਹਾਣੀਕਾਰ ਜਸਵੀਰ ਕਲਸੀ, ਰੰਗਕਰਮੀ ਮੋਹੀ ਅਮਰਜੀਤ ਸਿੰਘ, ਗੁਰਮੇਲ ਸਿੰਘ ਬੌਡੇ, ਪਰਮਜੀਤ ਸਿੰਘ ਚੂਹੜਚੱਕ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੇ ਹਿੱਸਾ ਲਿਆ। ਸ਼੍ਰੀ ਕੇ. ਐੱਲ. ਗਰਗ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਭਾਸ਼ਾ ਵਿਭਾਗ, ਪੰਜਾਬ ਦੇ 75ਵੇਂ ਸਥਾਪਨਾ ਦਿਵਸ ਮੌਕੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਆਪਣੇ ਸਥਾਪਨਾ ਵਰ੍ਹੇ ਤੋਂ ਲੈ-ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਅਤੇ ਸੰਭਾਲ ਲਈ ਨਿਰੰਤਰ ਯਤਨਸ਼ੀਲ ਹੈ। ਪੰਜਾਬ ਦੇ ਸਾਹਿਤਕਾਰਾਂ ਨਾਲ ਇਸ ਦਾ ਰਿਸ਼ਤਾ ਹਮੇਸ਼ਾਂ ਇਕ ਪਰਿਵਾਰ ਦੀ ਤਰ੍ਹਾਂ ਰਿਹਾ ਹੈ।
ਸ. ਬਲਦੇਵ ਸਿੰਘ ਸੜਕਨਾਮਾ ਨੇ ਨਵੇਂ ਸਾਲ ਅਤੇ ਭਾਰਤ ਦੇਸ਼ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ ਅਤੇ ਭਾਸ਼ਾ ਵਿਭਾਗ ਨਾਲ ਆਪਣੀ ਪੁਰਾਣੀ ਸਾਂਝ ਬਾਰੇ ਦੱਸਦਿਆਂ ਕਿਹਾ ਕਿ ਇਸ ਵਿਭਾਗ ਦੁਆਰਾ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਵਿਚ ਕਰਵਾਏ ਜਾਂਦੇ ਸਮਾਗਮ ਇਸ ਦੀ ਸਾਖ ਨੂੰ ਹੋਰ ਵੀ ਉਚੇਰਾ ਕਰਦੇ ਹਨ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਆਪਣੀ ਕਵਿਤਾ ‘ਮੈਂ ਮੋਗੇ ਦਾ ਬੱਸ ਅੱਡਾ ਬੋਲਦਾ ਹਾਂ’ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਭਾਸ਼ਾ ਵਿਭਾਗ ਨਾਲ ਮਿਲਕੇ ਪੰਜਾਬੀ ਲਾਗੂ ਕਰਵਾਉਣ ਵਾਲੀ ਮੁਹਿੰਮ ਸ਼ਲਾਘਾਯੋਗ ਹੈ। ਪਰਮਜੀਤ ਸਿੰਘ ਚੂਹੜਚੱਕ ਨੇ ਮੋਗਾ ਵਿਖੇ ਪੰਜਾਬੀ ਸਟੈਨੋਗ੍ਰਾਫ਼ੀ ਦੀਆਂ ਕਲਾਸਾਂ ਜਲਦੀ ਸ਼ੁਰੂ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਬਤੌਰ ਇੰਸਟ੍ਰਕਟਰ ਵਲੰਟੀਅਰ ਸੇਵਾਵਾਂ ਦੀ ਪੇਸ਼ਕਸ਼ ਕੀਤੀ।
ਸਮਾਗਮ ਦੌਰਾਨ ਕਰਵਾਏ ਗਏ ਕਵੀ ਦਰਬਾਰ ਵਿਚ ਰਣਜੀਤ ਸਰਾਂਵਾਲੀ, ਗੁਰਮੇਲ ਬੌਡੇ, ਜੰਗੀਰ ਖੋਖਰ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਕਮਲਜੀਤ ਕੌਰ ਧਾਲੀਵਾਲ, ਕਰਮਜੀਤ ਕੌਰ, ਯਾਦਵਿੰਦਰ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਸ਼ਮਸ਼ੇਰ ਸਿੰਘ ਅਤੇ ਵਿਵੇਕ ਕੋਟ ਈਸੇ ਖਾਂ ਨੇ ਆਪਣੇ ਕਲਾਮ ਸਾਂਝੇ ਕੀਤੇ। ਇਨ੍ਹਾਂ ਤੋਂ ਇਲਾਵਾ ਸਮਾਗਮ ਦੌਰਾਨ ਰਾਹੁਲ(ਕਲਰਕ), ਅਮਰਪ੍ਰੀਤ ਕੌਰ, ਜਗਜੀਤ ਸਿੰਘ, ਵਜ਼ੀਰ ਸਿੰਘ, ਹਰਪ੍ਰੀਤ ਸਿੰਘ, ਤਰਸੇਮ ਸਿੰਘ, ਨਵਦੀਪ ਸਿੰਘ, ਸਾਹਿਲ ਆਦਿ ਸ਼ਾਮਿਲ ਸਨ।