ਲੁਧਿਆਣਾ, 13 ਫਰਵਰੀ - ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਦੇ ਅੱਜ ਪਹਿਲੇ ਦਿਨ ਸਰਕਾਰੀ ਆਈਟੀਆਈ ਗਿੱਲ ਰੋਡ ਲੁਧਿਆਣਾ ਵਿਖੇ ਮੇਲੇ ’ਚ 150 ਤੋਂ ਵੱਧ ਕੰਪਨੀਆਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਚੋਣ ਕੀਤੀ ਗਈ ਅਤੇ ਅੱਜ ਮੇਲੇ ਦੌਰਾਨ ਤਕਰੀਬਨ 3 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਰੁਜ਼ਗਾਰ ਮੇਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ 16 ਫਰਵਰੀ ਨੂੰ ਦੋ ਰੁਜ਼ਗਾਰ ਮੇਲੇ ਸੁਆਮੀ ਗੰਗਾ ਗਿਰੀ ਕਾਲਜ਼ ਗੌਂਦਵਾਲ ਨੇੜੇ ਰਾਏਕੋਟ ਅਤੇ ਇਸੇ ਦਿਨ ਸਰਕਾਰੀ ਆਈਟੀਆਈ (ਲੜਕੀਆਂ) ਸਮਰਾਲਾ ਵਿੱਚ, 17 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਗਰਾਓ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਾਇਲ, 22 ਨੂੰ ਗੁਲਜਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਅਤੇ 22 ਨੂੰ ਹੀ ਗੌਰਮਿੰਟ ਇੰਸਟੀਚਿਊਟ ਟੈਕਸਟਾਈਲ ਕਮਿਸਟਰੀ ਐਂਡ ਨਿਟਿੰਗ ਟੈਕਨਾਲਜੀ ਰਿਸ਼ੀਨਗਰ ਲੁਧਿਆਣਾ ਵਿੱਚ ਲਾਏ ਜਾਣਗੇ। ਇਸ ਮੌਕੇ ਏਡੀਸੀ ਡਾ. ਸ਼ੇਨਾ ਅਗਰਵਾਲ, ਏਡੀਸੀ ਨੀਰੂ ਕਤਿਆਲ ਗੁਪਤਾ, ਐਸਡੀਐਮ ਦਮਨਜੀਤ ਸਿੰਘ ਆਦਿ ਮੌਜੂਦ ਸਨ।