You are here

ਮੱਲਵਾਲਾ ਦੇ ਨੌਜਵਾਨ ਮਨਪ੍ਰੀਤ ਨਿੱਝਰ ਦਾ ਭਾਰਤੀ ਫ਼ੌਜ 'ਚ ਲੈਫਟੀਨੈਂਟ ਬਣਨ 'ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ

ਹਲਕਾ ਵਿਧਾਇਕਾ ਨੇ ਲੈਫਟੀਨੈਂਟ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ

ਤਲਵੰਡੀ ਸਾਬੋ, 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਮੱਲਵਾਲਾ ਵਿਖੇ ਅੱਜ ਉਸ ਸਮੇਂ ਵਿਆਹ ਵਰਗਾ ਮਾਹੌਲ ਹੋ ਗਿਆ ਜਦੋਂ ਪਿੰਡ ਦੇ ਹੀ ਇੱਕ ਆਮ ਪਰਿਵਾਰ ਨਾਲ ਸਬੰਧਤ ਰਜਿੰਦਰ ਸਿੰਘ ਨਿੱਝਰ ਦਾ ਸਪੁੱਤਰ ਮਨਪ੍ਰੀਤ ਸਿੰਘ ਨਿੱਝਰ ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਬਣਨ ਉਪਰੰਤ ਛੁੱਟੀ ਲੈਕੇ ਆਪਣੇ ਪਿੰਡ ਪਰਤਿਆ। ਪਿੰਡ ਪਹੁੰਚਣ ਤੇ ਜਿੱਥੇ ਪਿੰਡ ਵਾਸੀਆਂ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ ਉਥੇ ਹੀ ਹਲਕਾ ਵਿਧਾਇਕਾ ਨੇ ਲੈਫਟੀਨੈਂਟ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਇਹ ਪੂਰੇ ਹਲਕੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਹਲਕੇ ਦੇ ਨੌਜਵਾਨ ਮਨਪ੍ਰੀਤ ਸਿੰਘ ਨੇ ਜਿਥੇ ਹਲਕੇ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਅਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਮਨਪ੍ਰੀਤ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦਾ ਸ਼ੁਰੂ ਤੋਂ ਹੀ ਇਹ ਸੁਪਨਾ ਸੀ ਕਿ ਉਹ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ ਤੇ ਅੱਜ ਉਸਦਾ ਇਹ ਸੁਪਨਾ ਪੂਰਾ ਹੋ ਗਿਆ ਤੇ ਅੱਜ ਜਦੋਂ ਉਹ ਆਪਣਾ ਸੁਪਨਾ ਪੂਰਾ ਕਰਨ ਉਪਰੰਤ ਘਰ ਪਰਤਿਆ ਤਾਂ ਸਮੂਹ ਪਿੰਡ ਵਾਸੀਆਂ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਨੇ ਪਿੰਡ ਪਹੁੰਚਣ ਤੇ ਉਸਦਾ ਹਾਰ ਪਾਕੇ ਨਿੱਘਾ ਸਵਾਗਤ ਕੀਤਾ ਜੋ ਕਿ ਪਰਿਵਾਰ ਲਈ ਮਾਨ ਵਾਲੀ ਗੱਲ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਫਟੀਨੈਂਟ ਮਨਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ ਤਾਂ ਕਿ ਉਹ ਤੰਦਰੁਸਤ ਹੋ ਕੇ ਆਪਣੇ ਜ਼ਿੰਦਗੀ ਸਵਾਰ ਸਕਨ। ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਪਾਲਾ ਰਾਮ ਨੇ ਕਿਹਾ ਕਿ ਪੰਚਾਇਤ ਵਲੋਂ ਨੌਜਵਾਨਾਂ ਲਈ ਪਿੰਡ ਵਿੱਚ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ ਤਾਂਕਿ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਕੇ ਅਪਣੇ ਜੀਵਨ ਦਾ ਬੇਹਤਰ ਨਿਰਮਾਣ ਕਰ ਸਕਣ। ਇਸ ਮੌਕੇ ਸਮੂਹ ਪੰਚਾਇਤ ਅਤੇ ਪਿੰਡ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ ਵੱਲੋਂ ਮਨਪ੍ਰੀਤ ਸਿੰਘ ਨਿੱਝਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਨੰਬਰਦਾਰ, ਹਰਪਾਲ ਸਿੰਘ ਨਿੱਝਰ, ਗੁਰਵਿੰਦਰ ਸਿੰਘ ਨਿੱਝਰ, ਮੇਵਾ ਸਿੰਘ, ਸੁਖਵੰਤ ਸਿੰਘ ਖਾਲਸਾ, ਗੁਰਸੇਵਕ ਸਿੰਘ, ਬਲਵੀਰ ਸਿੰਘ ਘੁੱਧਰ, ਸੰਗਤ ਸਿੰਘ ਖਾਲਸਾ, ਸੁਖਮੰਦਰ ਸਿੰਘ, ਹਰਗੋਬਿੰਦ ਸਿੰਘ ਨਿੱਝਰ, ਹਰਦੀਪ ਸਿੰਘ ਨਿੱਝਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।