ਤਲਵੰਡੀ ਸਾਬੋ 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਮਾਤਾ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸਿੱਖ ਕੌਮ ਦੀਆਂ ਵੱਡੀਆਂ ਧਾਰਮਿਕ ਸਖਸ਼ੀਅਤਾਂ ਵੱਲੋਂ ਉਨਾਂ ਨਾਲ ਦੁੱਖ ਪ੍ਰਗਟ ਕਰਨ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਿੱਖ ਕੌਮ ਦੇ ਸਤਿਕਾਰਿਤ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘੀਏ ਵੀ ਜਥੇਦਾਰ ਦਾਦੂਵਾਲ ਨਾਲ ਅਫਸੋਸ ਪ੍ਰਗਟ ਕਰਨ ਗੁ: ਗ੍ਰੰਥਸਰ ਸਾਹਿਬ ਦਾਦੂ ਵਿਖੇ ਪੁੱਜੇ। ਬਾਬਾ ਅਵਤਾਰ ਸਿੰਘ ਨੇ ਇੱਕ ਮਨੁੱਖ ਦੇ ਜੀਵਨ ਵਿੱਚ ਮਾਤਾ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਬੀਬੀ ਬਲਵੀਰ ਕੌਰ ਦੇ ਅਕਾਲ ਚਲਾਣੇ ਨੂੰ ਜਥੇਦਾਰ ਦਾਦੂਵਾਲ ਅਤੇ ਸਮੁੂੰਹ ਪਰਿਵਾਰ ਲਈ ਵੱਡਾ ਘਾਟਾ ਕਰਾਰ ਦਿੱਤਾ। ਜਥੇਦਾਰ ਦਾਦੂਵਾਲ ਨੇ ਸਵਰਗੀ ਮਾਤਾ ਬਲਵੀਰ ਕੌਰ ਵੱਲੋਂ ਆਪਣੇ ਸਮੁੱਚੇ ਜੀਵਨ ਵਿੱਚ ਨਿਤਨੇਮ ਦੀ ਮਰਿਯਾਦਾ ਬਣਾਈ ਰੱਖਣ ਅਤੇ ਉਨਾਂ ਵੱਲੋਂ ਕੀਤੇ ਜਾਂਦੇ ਰਹੇ ਲੋਕ ਭਲਾਈ ਕੰਮਾਂ ਸਬੰਧੀ ਬਾਬਾ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਜੰੰਮੂ, ਗੁਰਪ੍ਰਸਾਦ ਸਿੰਘ ਫਰੀਦਾਬਾਦ, ਉਮਰਾਉ ਸਿੰਘ ਛੀਨਾ, ਗੁਰਸੇਵਕ ਸਿੰਘ ਰੰਗੀਲਾ, ਮੱਖਣ ਸਿੰਘ ਮੱਲਵਾਲਾ, ਖੜਕ ਸਿੰਘ ਕੁਲਰੀਆਂ, ਜਗਮੀਤ ਸਿੰਘ ਬਰਾੜ, ਸੁਖਪਾਲ ਸਿੰਘ ਜਥੇਦਾਰ, ਜਗਪ੍ਰੀਤ ਸਿੰਘ ਡਿੱਟੋ ਆਦਿ ਆਗੂ ਵੀ ਮੌਜੂਦ ਰਹੇ।