You are here

ਤਲਵੰਡੀ ਸਾਬੋ ਵਿਖੇ ਵੀ ਧੂੰਮਧਾਮ ਨਾਲ ਮਨਾਇਆ ਵਿਸ਼ਵਕਰਮਾ ਦਿਵਸ, ਕਾਰੀਗਰਾਂ ਨੇ ਸੰਦਾਂ ਦੀ ਕੀਤੀ ਪੂਜਾ

ਤਲਵੰਡੀ ਸਾਬੋ, 25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰਿਸਟੀ ਦੇ ਨਿਰਮਾਤਾ ਮੰਨੇ ਜਾਂਦੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸਮੁੱਚੇ ਜਗਤ ਵਾਂਗ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਸ਼ਰਧਾ ਅਤੇ ਭਾਵਨਾ ਨਾਲ ਮਨ੍ਹਾਇਆ ਗਿਆ।ਅੱਜ ਜਿੱਥੇ ਨਗਰ ਅੰਦਰ ਵਿਸ਼ਵਕਰਮਾ ਭਵਨ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਉੱਥੇ ਨਗਰ ਦੇ ਰਾਮਗੜ੍ਹੀਆ ਭਾਈਚਾਰੇ ਦੇ ਨਾਲ ਨਾਲ ਹੋਰਨਾਂ ਕਾਰੀਗਰਾਂ ਨੇ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ। ਅੱਜ ਵਿਸ਼ਵਕਰਮਾ ਭਵਨ ਵਿੱਚ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਦਰਸ਼ਨ ਸਿੰਘ ਚੱਠਾ ਅਤੇ ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਬਸਪਾ ਦੇ ਸੂਬਾਈ ਆਗੂ ਮਾ. ਜਗਦੀਪ ਸਿੰਘ ਗੋਗੀ ਆਦਿ ਨੇ ਹਾਜ਼ਰੀ ਲਵਾਈ। ਦੂਜੇ ਪਾਸੇ ਅੱਜ ਭਵਨ ਨਿਰਮਾਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਕੰਮ ਕਰਦੇ ਕਾਰੀਗਰਾਂ ਨੇ ਆਪਣੀਆਂ ਦੁਕਾਨਾਂ ਚ ਆਪਣੇ ਕਿੱਤੇੇ ਨਾਲ ਸਬੰਧਿਤ ਸੰਦ ਕੱਚੀ ਲੱਸੀ ਨਾਲ ਧੋ ਕੇ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ ਅਤੇ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਿਕ ਅੱਜ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀ ਕੀਤਾ।