ਤਲਵੰਡੀ ਸਾਬੋ, 25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਮੁੱਚੇ ਜਗਤ ਵਾਂਗ ਬੰਦੀਛੋੜ ਦਿਵਸ (ਦੀਵਾਲੀ) ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਇਸ ਮੌਕੇ ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਉਥੇ ਰਾਤ ਸਮੇਂ ਸ਼ਹਿਰ ਦੀਆਂ ਸੰਗਤਾਂ ਨੇ ਤਖਤ ਸਾਹਿਬ ਪੁੱਜ ਕੇ ਦੀਵੇ ਜਗਾਏ। ਤਖਤ ਸਾਹਿਬ ਕੰਪਲੈਕਸ ਵਿਖੇ ਕੀਤੀ ਸੁੰਦਰ ਦੀਪਮਾਲਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਬੰਦੀਛੋੜ ਦਿਵਸ ਮੌਕੇ ਸਵੇਰੇ ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਰਾਗੀ ਸਿੰਘਾਂ ਨੇ ‘ਦੀਵਾਲੀ ਕੀ ਰਾਤ ਦੀਵੇ ਬਾਲੀਅਨ’ ਸ਼ਬਦ ਗਾਇਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ‘ਬੰਦੀਛੋੜ ਦਿਵਸ’ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਉੱਧਰ ਬੰਦੀ ਛੋੜ ਦਿਵਸ ਅਤੇ ਦੀਵਾਲੀ ਇੱਕੇ ਦਿਨ ਮਨਾਏ ਜਾਣ ਦੇ ਚਲਦਿਆਂ ਵੱਡੀ ਗਿਣਤੀ ਹਿੰਦੂ ਭਾਈਚਾਰੇ ਦੇ ਲੋਕ ਵੀ ਤਖਤ ਸਾਹਿਬ ਨਤਮਸਤਕ ਹੋਏ। ਤਖਤ ਸਾਹਿਬ ਤੋਂ ਇਲਾਵਾ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਧਾਰਮਿਕ ਸਮਾਗਮ ਕਰਵਾਏ ਗਏ। ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜਹਾਂਗੀਰ ਦੀ ਕੈਦ ਵਿੱਚੋਂ ਰਿਹਾਈ ਕਰਵਾਉਣ ਦੀ ਸਮੁੱਚੀ ਵਿਿਥਆ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਉੱਧਰ ਤਖਤ ਸਾਹਿਬ ਕੰਪਲੈਕਸ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਸੁੰਦਰ ਦੀਪਮਾਲਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਸ਼ਹਿਰ ਦੇ ਨਿਸ਼ਾਨ ਏ ਖਾਲਸਾ ਚੌਂਕ ਨੂੰ ਵੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਦੂਜੇ ਪਾਸੇ ਹਿੰਦੂ ਭਾਈਚਾਰੇ ਵੱਲੋਂ ਰਾਵਣ ਨੂੰ ਮਾਰਨ ਉਪਰੰਤ ਭਗਵਾਨ ਸ੍ਰੀ ਰਾਮ ਦੇ ਸੀਤਾ ਮਾਤਾ ਸਮੇਤ 14 ਸਾਲਾਂ ਦੇ ਬਨਵਾਸ ਉਪਰੰਤ ਵਾਪਸ ਅਯੁੱਧਿਆ ਪਰਤਣ ਦੀ ਖੁਸ਼ੀ ਵਿੱਚ ਮਨਾਏ ਜਾਂਦੇ ਦਿਵਾਲੀ ਦੇ ਤਿਉਹਾਰ ਮੱਦੇਨਜ਼ਰ ਸ਼ਹਿਰ ਵਿੱਚ ਘਰ ਘਰ ਦੀਪਮਾਲਾ ਦੇਖਣ ਨੂੰ ਮਿਲੀ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਦੇਖਣ ਨੂੰ ਮਿਲੇ ਜਿਸ ਸਦਕਾ ਬਜ਼ਾਰਾਂ ਵਿੱਚ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਹਿੰਦੂ ਭਾਈਚਾਰੇ ਦੇ ਲੋਕ ਰਾਤ ਸਮੇਂ ਮੰਦਰਾਂ ਚ ਨਤਮਸਤਕ ਵੀ ਹੋਏ। ਉੱਧਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਅਤੇ ਭਾਜਪਾ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਨੂੰ ਬੰਦੀਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।