You are here

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਗਲਾਸਗੋ ਗੁਰਦੁਆਰਾ ਸਾਹਿਬ ਮੱਥਾ ਟੇਕਿਆ

ਸੰਗਤਾਂ ਨਾਲ ਦੁਨੀਆ ਵਿੱਚ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਵਾਰੇ ਵਿਚਾਰ ਕੀਤਾ

ਗਲਾਸਗੋ, ਅਗਸਤ 2019( ਗਿਆਨੀ ਅਮਰੀਕ ਸਿੰਘ ਰਾਠੌਰ)- ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਦੇ ਸ਼ਹਿਰ ਲਗਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਮੌਕੇ ਉਨ੍ਹਾਂ ਸਿੱਖ ਆਗੂਆਂ ਨਾਲ ਵੱਖ ਵੱਖ ਮੁਦਿਆਂ 'ਤੇ ਵਿਚਾਰਾਂ ਕੀਤੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਇੰਨ ਸਕਾਟਲੈਂਡ ਸਮੇਤ ਕਈ ਸੰਸਥਾਵਾਂ ਦੇ ਆਗੂਆਂ ਨੇ ਇਸ ਮੌਕੇ ਨਿਕੋਲਾ ਸਟਰਜਨ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਸਿੱਖ ਮਨੁੱਖੀ ਅਧਿਕਾਰਾਂ, ਕਸ਼ਮੀਰ ਦੀ ਤਾਜ਼ਾ ਸਥਿਤੀ, ਯੂ.ਕੇ. ਦੇ ਸਿਹਤ ਵਿਭਾਗ, ਬ੍ਰੈਗਜ਼ਿਟ ਤੋਂ ਇਲਾਵਾ ਯੂ.ਕੇ. 'ਚ ਪੰਜਾਬੀ ਭਾਸ਼ਾ ਦੇ ਮਸਲਿਆਂ 'ਤੇ ਵਿਚਾਰਾਂ ਕੀਤੀਆਂ | ਉਨ੍ਹਾਂ ਇਸ ਮੌਕੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਗੁਰੂ ਘਰ ਵਲੋਂ ਫਸਟ ਮਨਿਸਟਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਭਰਪੂਰ ਕਿਤਾਬਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਲੁਭਾਇਆ ਸਿੰਘ ਮਹਿਮੀ, ਜਨਰਲ ਸਕੱਤਰ ਦਲਜੀਤ ਸਿੰਘ ਦਿਲਬਰ, ਚਰਨਦੀਪ ਸਿੰਘ, ਜਸਪ੍ਰੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ |