ਪੋਰਟ ਆਫ ਸਪੇਨ, ਅਗਸਤ 2019- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਲੜੀ ਦੇ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦੀਆਂ ਬਣਾਈਆਂ 1930 ਦੌੜਾਂ ਤੋਂ ਸਿਰਫ਼ 19 ਦੌੜਾਂ ਦੂਰ ਸੀ।
ਉਸ ਨੇ ਜੇਸਨ ਹੋਲਡਰ ਵੱਲੋਂ ਸੁੱਟੇ ਗਏ ਪਾਰੀ ਦੇ ਪੰਜਵੇਂ ਓਵਰ ਵਿੱਚ ਇੱਕ ਦੌੜ ਲੈ ਕੇ ਇਸ ਰਿਕਾਰਡ ਨੂੰ ਆਪਣੇ ਨਾਮ ਕੀਤਾ। ਮੀਆਂਦਾਦ ਨੇ ਵੈਸਟ ਇੰਡੀਜ਼ ਖ਼ਿਲਾਫ਼ 64 ਪਾਰੀਆਂ ਵਿੱਚ 1930 ਦੌੜਾਂ ਬਣਾਈਆਂ ਹਨ, ਜਦਕਿ ਕੋਹਲੀ ਨੇ ਸਿਰਫ਼ 34 ਪਾਰੀਆਂ ਵਿੱਚ ਉਸ ਨੂੰ ਪਛਾੜ ਦਿੱਤਾ। ਕੋਹਲੀ ਨੇ ਅੱਜ 125 ਗੇਂਦਾਂ ਵਿੱਚ 14 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 120 ਦੌੜਾਂ ਬਣਾਈਆਂ।
ਮੀਆਂਦਾਦ ਨੇ ਕੈਰੇਬਿਆਈ ਟੀਮ ਖ਼ਿਲਾਫ਼ 64 ਪਾਰੀਆਂ ਵਿੱਚ ਇੱਕ ਸੈਂਕੜਾ ਅਤੇ 12 ਨੀਮ ਸੈਂਕੜਿਆਂ ਦੀ ਮਦਦ ਨਾਲ 1930 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਔਸਤ 33.85 ਦਾ ਰਿਹਾ, ਜਦਕਿ ਕੋਹਲੀ ਨੇ ਇਸ ਟੀਮ ਖ਼ਿਲਾਫ਼ ਰਿਕਾਰਡ ਸੱਤ ਸੈਂਕੜੇ ਅਤੇ 11 ਨੀਮ ਸੈਂਕੜਿਆਂ ਦੀ ਮਦਦ ਨਾਲ 72 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਇਸ ਸੂਚੀ ਵਿੱਚ ਆਸਟਰੇਲੀਆ ਦਾ ਸਾਬਕਾ ਸਲਾਮੀ ਬੱਲੇਬਾਜ਼ ਮਾਰਕ ਵਾਅ 47 ਮੈਚਾਂ ਵਿੱਚ 1708 ਦੌੜਾਂ ਨਾਲ ਤੀਜੇ ਸਥਾਨ ’ਤੇ ਹੈ। ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਪਹਿਲੀ ਪਾਰੀ ਜੋਹਾਨੈੱਸਬਰਗ ਵਿੱਚ 2009 ਚੈਂਪੀਅਨਸ਼ਿਪ ਟਰਾਫੀ ਵਿੱਚ ਖੇਡੀ ਸੀ, ਜਿਸ ਵਿੱਚ ਉਸ ਨੇ 79 ਦੌੜਾਂ ਬਣਾਈਆਂ ਸਨ। ਇਸ ਟੀਮ ਖ਼ਿਲਾਫ਼ ਉਸ ਨੇ ਪਹਿਲੀ ਸੈਂਕੜੇ ਵਾਲੀ ਪਾਰੀ 2011 ਵਿੱਚ ਵਿਸ਼ਾਖਾਪਟਨਮ ਵਿੱਚ ਖੇਡੀ ਸੀ। ਵੈਸਟ ਇੰਡੀਜ਼ ਦੇ ਖ਼ਿਲਾਫ਼ ਕੋਹਲੀ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਜੁਲਾਈ 2017 ਤੋਂ ਅਕਤੂਬਰ 2018 ਦੌਰਾਨ ਲਗਾਤਾਰ ਚਾਰ ਸੈਂਕੜੇ ਮਾਰੇ।