ਲਖ਼ਨਊ, ਅਗਸਤ 2019- ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਦੇ ਵਿਰੋਧ ’ਚ ਧਰਨਾ ਦੇਣ ਦਾ ਐਲਾਨ ਕਰਨ ਵਾਲੇ ਸਮਾਜਿਕ ਕਾਰਕੁਨ ਤੇ ਮੈਗਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ ਨੂੰ ਅੱਜ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ‘ਸਟੈਂਡ ਫਾਰ ਕਸ਼ਮੀਰ’ ਧਰਨੇ ਦੇ ਰੂਪ ’ਚ ਇੱਥੇ ਜੀਪੀਓ ਪਾਰਕ ਵਿਚ ਕੀਤਾ ਜਾਣਾ ਸੀ। ਪਾਂਡੇ ਨੇ ਫੋਨ ’ਤੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਪੁਲੀਸ ਚਾਰ ਵਾਹਨਾਂ ਵਿਚ ਉਨ੍ਹਾਂ ਦੇ ਘਰ ਆਈ ਤੇ ਕਿਹਾ ਕਿ ਉਹ ਧਰਨਾ ਨਹੀਂ ਦੇ ਸਕਦੇ ਕਿਉਂਕਿ ਸ਼ਹਿਰ ਵਿਚ ਪਾਬੰਦੀਆਂ ਦੇ ਹੁਕਮ ਲਾਗੂ ਹਨ। ਪੁਲੀਸ ਨੇ ਪਾਂਡੇ ਨੂੰ ਦੱਸਿਆ ਕਿ ਇਹ ਪਾਬੰਦੀਆਂ 15 ਅਗਸਤ ਦੇ ਮੱਦੇਨਜ਼ਰ ਲਾਈਆਂ ਗਈਆਂ ਹਨ। ਉਨ੍ਹਾਂ ਦੀ ਪਤਨੀ ਅਰੁੰਧਤੀ ਧੁਰੂ ਜੋ ਕਿ ਨੈਸ਼ਨਲ ਐਲਾਇੰਸ ਆਫ਼ ਪੀਪਲਜ਼ ਮੂਵਮੈਂਟ ਦੀ ਕੌਮੀ ਕਨਵੀਨਰ ਹਨ, ਵੀ ਨਜ਼ਰਬੰਦ ਹਨ।