ਪੇਈਚਿੰਗ, ਅਗਸਤ 2019- ਚੀਨ ਨੇ ਪਾਕਿਸਤਾਨ ਦਾ ਸਾਥ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਐਲਾਨ ਕੀਤਾ ਕਿ ਉਹ ਭਾਰਤ ਵੱਲੋਂ ਧਾਰਾ 370 ਨੂੰ ਖ਼ਤਮ ਕਰਨ (ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ) ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਉਠਾਉਣ ਦੇ ਇਸਲਾਮਾਬਾਦ ਦੇ ਫੈਸਲਾ ਦਾ ਸਮਰਥਨ ਕਰਦਾ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਚੀਨੀ ਹਮਰੁਤਰਬਾ ਵਾਂਗ ਯੀ ਨਾਲ ਸ਼ੁੱਕਰਵਾਰ ਨੂੰ ਕੀਤੀ ਮੀਟਿੰਗ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੇਈਚਿੰਗ ਕਸ਼ਮੀਰ ਵਿੱਚ ਪੈਦਾ ਮੌਜੂਦਾ ਤਣਾਅ ਤੋਂ ਬਹੁਤ ਚਿੰਤਤ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਜੋ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹਣ ਦੇ ਮੁੱਦੇ ’ਤੇ ਚਰਚਾ ਲਈ ਸ਼ੁੱਕਰਵਾਰ ਨੂੰ ਚੀਨ ਪੁੱਜੇ ਸਨ ਨੇ ਪੇਈਚਿੰਗ ਨੂੰ ਆਪਣੀਆਂ ਚਿੰਤਾਵਾਂ ਅਤੇ ਇਤਰਾਜ਼ਾਂ ਤੋਂ ਜਾਣੂ ਕਰਾਇਆ ਸੀ। ਵਾਂਗ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ,‘‘ ਕਸ਼ਮੀਰ ਦਾ ਮੁੱਦਾ ਬਸਤੀਵਾਦੀ ਸਮੇਂ ਤੋਂ ਚਲਾ ਆ ਰਿਹਾ ਹੈ। ਇਸ ਨੂੰ ਸੰਯੁਕਤ ਰਾਸ਼ਟਰ ਚਾਟਰ ਤਹਿਤ ਸੰਯੁਕਤ ਰਾਸ਼ਟਰ ਕੌਂਸਲ ਦੇ ਮਤਿਆਂ ਅਤੇ ਦੁਵੱਲੇ ਸਮਝੌਤਿਆਂ ਅਨੁਸਾਰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਇਕਤਰਫ਼ਾ ਕਾਰਵਾਈ ਨਾਲ ਹਾਲਾਤ ਹੋਰ ਉਲਝ ਜਾਣਗੇ। ਟਵਿੱਟਰ ’ਤੇ ਲੜੀਵਾਰ ਪੋਸਟ ਸ਼ੇਅਰ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਕਿ ਉਹ ਛੋਟੇ ਜਿਹੇ ਨੋਟਿਸ ’ਤੇ ਮੁਲਾਕਾਤ ਕਰਨ ਲਈ ਚੀਨੀ ਵਿਦੇਸ਼ ਮੰਤਰੀ ਦਾ ਧੰਨਵਾਦ ਕਰਦੇ ਹਨ। ਰੂੁਸ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਦਾ ਪੱਖ ਪੂਰਿਆ ਮਾਸਕੋ, ਅਗਸਤ 2019- ਰੂਸ ਨੇ ਜੰਮੂ ਅਤੇ ਕਸ਼ਮੀਰ ਦਾ ਦਰਜਾ ਬਦਲਣ ਦੇ ਫ਼ੈਸਲੇ ’ਤੇ ਭਾਰਤ ਦੀ ਹਮਾਇਤ ਕਰਦਿਆਂ ਇਸ ਨੂੰ ਭਾਰਤੀ ਸੰਵਿਧਾਨ ਅਨੁਸਾਰ ਸਹੀ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤ ਅਤੇ ਪਾਕਿਸਤਾਨ ਇਸ ਵਿਵਾਦ ਦਾ ਹੱਲ ਸ਼ਿਮਲਾ ਸਮਝੌਤੇ ਤੇ ਲਾਹੌਰ ਐਲਾਨਨਾਮੇ ਦੇ ਆਧਾਰ ’ਤੇ ਕੱਢ ਸਕਦੇ ਹਨ। ਰੂਸ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਸਕੋ ਆਸ ਕਰਦਾ ਹੈ ਕਿ ਦਿੱਲੀ ਵੱਲੋਂ ਜੰਮੂ ਅਤੇ ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਬਦਲੇ ਜਾਣ ਦੇ ਫ਼ੈਸਲੇ ’ਤੇ ਭਾਰਤ ਅਤੇ ਪਾਕਿਸਤਾਨ ਖਿੱਤੇ ਵਿੱਚ ਸਥਿਤੀ ਨੂੰ ਉਤੇਜਿਤ ਨਹੀਂ ਹੋਣ ਦੇਣਗੇ। ਮੰਤਰਾਲੇ ਵੱਲੋਂ ਕਿਹਾ ਗਿਆ ਕਿ ਉਹ ਆਸ ਕਰਦੇ ਹਨ ਕਿ ਇਸ ਫ਼ੈਸਲੇ ਦੇ ਨਤੀਜੇ ਵਜੋਂ ਦੋਵੇਂ ਧਿਰਾਂ ਸਬੰਧਿਤ ਖਿੱਤੇ ਵਿੱਚ ਸਥਿਤੀ ਨੂੰ ਭੜਕਣ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਰੂਸ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਸੁਧਾਰਨ ਦਾ ਸਮਰਥਕ ਹੈ। ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਫ਼ੈਸਲੇ ਦੀ ਹਮਾਇਤ ਹਿਊਸਟਨ, ਅਗਸਤ 2019- ਭਾਰਤੀ ਅਮਰੀਕੀ ਭਾਈਚਾਰੇ ਨੇ ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਕੇ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਭਾਰਤ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ। ਫ਼ੈਸਲੇ ਦੀ ਹਮਾਇਤ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਸ਼ਨਿਚਰਵਾਰ ਨੂੰ ਹਿਊਸਟਨ ਚੈਪਟਰ ਆਫ ਫਰੈਂਡਜ਼ ਆਫ਼ ਇੰਡੀਆ ਸੁਸਾਇਟੀ (ਐੱਫ਼ਆਈਐੱਸਆਈ) ਅਤੇ ਹਿਊਸਟਨ ਚੈਪਟਰ ਆਫ਼ ਗਲੋਬਲ ਕਸ਼ਮੀਰੀ ਪੰਡਿਤ ਡਾਇਸਪੋਰਾ (ਜੀਕੇਪੀਡੀ) ਦੀ ਅਗਵਾਈ ਹੇਠ ਇਕੱਠੇ ਹੋਏ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਭਾਰਤ, ਭਾਰਤੀ ਸੰਵਿਧਾਨ ਅਤੇ ਧਰਮ ਨਿਰਪੱਖਤਾ ਦੇ ਹੱਕ ਵਿੱਚ ਨਾਅਰੇ ਲਗਾਏ। ਲੋਕਾਂ ਨੇ ਬੈਨਰਾਂ ਰਾਹੀਂ ਧਾਰਾ 370 ਖ਼ਤਮ ਕਰਨ ਦੀ ਹਮਾਇਤ ਅਤੇ ਪਾਕਿਸਤਾਨ ਨੂੰ ਅਤਿਵਾਦ ਨੂੰ ਸ਼ਹਿ ਨਾ ਦੇਣ ਅਤੇ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਦੇਣ ਦੀ ਅਪੀਲ ਕੀਤੀ। ਇਸ ਇਕੱਠ ਨੇ ਇਸਲਾਮਿਕ ਸੁਸਾਇਟੀ ਆਫ਼ ਗਰੇਟਰ ਹਿਊਸਟਨ ਵੱਲੋਂ ਪਾਕਿਸਤਾਨ ਦੇ ਹੱਕ ’ਚ ਕੀਤਾ ਮਾਰਚ ਵੀ ਅਸਫ਼ਲ ਕਰ ਦਿੱਤਾ। ਪਰਵਾਸੀ ਮਜ਼ਦੂਰਾਂ ਨੇ ਕਸ਼ਮੀਰ ਤੋਂ ਪਾਸਾ ਵੱਟਿਆ ਜੰਮੂ, ਅਗਸਤ 2019- ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਨੂੰ ਖ਼ਤਮ ਕਰਨ ਨਾਲ ਇੱਥੇ ਹਾਲਾਤ ਬਦਲ ਗਏ ਹਨ। ਇਹ ਧਾਰਾ ਗ਼ੈਰ-ਕਸ਼ਮੀਰੀ ਲੋਕਾਂ ਨੂੰ ਜੰਮੂ ਕਸ਼ਮੀਰ ਦੇ ਪੱਕੇ ਬਾਸ਼ਿੰਦੇ ਬਣਨ ਅਤੇ ਇੱਥੇ ਜ਼ਮੀਨ ਖ਼ਰੀਦਣ ’ਤੇ ਰੋਕ ਲਾਉਂਦੀ ਸੀ। ਇਸ ਧਾਰਾ ਤਹਿਤ ਜੋ ਕਸ਼ਮੀਰੀ ਔਰਤ ਕਿਸੇ ਗ਼ੈਰ-ਕਸ਼ਮੀਰੀ ਨਾਲ ਵਿਆਹ ਕਰਵਾ ਲੈਂਦੀ ਸੀ, ਉਹ ਜਾਇਦਾਦ ਦਾ ਹੱਕ ਗੁਆ ਬੈਠਦੀ ਸੀ। ਇਸ ਧਾਰਾ ਨੂੰ ਖ਼ਤਮ ਕਰਨ ਨਾਲ ਹੁਣ ਇਹ ਅਫ਼ਵਾਹ ਚੱਲ ਰਹੀ ਹੈ ਕਿ ਇੱਥੇ ਦੂਜੇ ਸੂਬਿਆਂ ਤੋਂ ਮਜ਼ਦੂਰੀ ਕਰਨ ਵਾਲੇ ਸਥਾਨਕ ਵਾਸੀਆਂ ਨੂੰ ਕਥਿਤ ਤੌਰ ’ਤੇ ਬਾਹਰ ਕਰ ਦੇਣਗੇ। ਇਸੇ ਦੌਰਾਨ ਗ਼ੈਰ-ਕਸ਼ਮੀਰੀ ਨਾਲ ਵਿਆਹ ਕਰਵਾ ਕੇ ਜਾਇਦਾਦ ਦਾ ਹੱਕ ਗੁਆਉਣ ਵਾਲੀਆਂ ਔਰਤਾਂ ਹੁਣ ਇੱਥੇ ਵਾਪਸ ਪਰਤ ਕੇ ਘਰ ਖ਼ਰੀਦਣ ਦੇ ਸੁਪਨੇ ਦੇਖਣ ਲੱਗੀਆਂ ਹਨ। ਮੌਜੂਦਾ ਹਾਲਾਤ ਕਾਰਨ ਹੋਰ ਸੂਬਿਆਂ ਤੋਂ ਆਏ ਲੋਕ ਕਸ਼ਮੀਰ ਛੱਡ ਕੇ ਜਾ ਰਹੇ ਹਨ।