ਪ੍ਰਸਿੱਧ ਸ਼ਾਇਰ ਨਦੀਮ ਅਫ਼ਜ਼ਲ ਦੀ ਪੁਸਤਕ 'ਹੁਣ ਤੈਨੂੰ ਕੀ?' ਕੀਤੀ ਜਾਵੇਗੀ ਲੋਕ ਅਰਪਣ
ਫ਼ਰੀਦਕੋਟ, 23 ਸਤੰਬਰ (ਮਨਜਿੰਦਰ ਗਿੱਲ ) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 25 ਸਤੰਬਰ 2022 ਦਿਨ ਐਤਵਾਰ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੇ ਸ਼ੁਭ ਅਵਸਰ ‘ਤੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ । ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿੱਚ ਪਾਕਿਸਤਾਨੀ ਪੰਜਾਬ ਤੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਵੀ ਅਤੇ ਲੇਖਕ ਜਨਾਬ ਨਦੀਮ ਅਫ਼ਜ਼ਲ ਦੀ ਪੁਸਤਕ ‘ਹੁਣ ਤੈਨੂੰ ਕੀ?’ ਦਾ ਲੋਕ ਅਰਪਣ ਕੀਤਾ ਜਾ ਰਿਹਾ ਹੈ । ਇਹ ਸਮਾਰੋਹ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਸਾਹਿਤਕਾਰ ਹਾਜ਼ਰੀ ਲਗਵਾਉਣਗੇ । ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਪੰਜਾਬੀ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ, ਓਂਟਾਰੀਓ ਫਰੈਂਡਜ਼ ਕਲੱਬ ਪੰਜਾਬ ਦੇ ਪ੍ਰਧਾਨ ਸ਼੍ਰੀ ਦੀਪ ਰੱਤੀ ਅਤੇ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਦੇ ਚੇਅਰਮੈਨ ਸ. ਗੁਰਵੇਲ ਕੋਹਾਲਵੀ ਸ਼ਿਰਕਤ ਕਰ ਰਹੇ ਹਨ ਅਤੇ ਪ੍ਰਧਾਨਗੀ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪ੍ਰਿੰਸੀਪਲ ਡਾਇਰੈਕਟਰ ਸ. ਸੇਵਾ ਸਿੰਘ ਚਾਵਲਾ ਕਰਨਗੇ । ਇਸ ਤੋਂ ਇਲਾਵਾ ਲੋਕ ਅਰਪਣ ਕੀਤੀ ਜਾਣ ਵਾਲੀ ਪੁਸਤਕ ‘ਹੁਣ ਤੈਨੂੰ ਕੀ?’ ਦੇ ਬਾਰੇ ਪ੍ਰਸਿੱਧ ਪੰਜਾਬੀ ਲੇਖਿਕਾ ਡਾ. ਗੁਰਚਰਨ ਕੌਰ ਕੋਚਰ ਚਰਚਾ ਕਰਨਗੇ । ਹਾਜਰ ਹੋਣ ਵਾਲੇ ਕਵੀ ਸਾਹਿਬਾਨ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਸਨਮਾਨਿਤ ਵੀ ਕੀਤਾ ਜਾਵੇਗਾ । ਮੰਚ ਸੰਚਾਲਕ ਦੀ ਭੂਮਿਕਾ ਬੀਬਾ ਅਮਨਦੀਪ ਕੌਰ ਖੀਵਾ ਅਤੇ ਸਭਾ ਦੇ ਪ੍ਰਚਾਰ ਸਕੱਤਰ ਪਰਵਿੰਦਰ ਸਿੰਘ ਨਿਭਾਉਣਗੇ। ਇਸ ਮੌਕੇ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਸਨ ।