You are here

ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ- ਮਲਾਲਾ

ਲੰਡਨ, ਅਗਸਤ 2019-  ਨੋਬੇਲ ਸ਼ਾਂਤੀ ਪੁਰਸਕਾਰ ਵਿਜੇਤਾ ਅਤੇ ਪਾਕਿਸਤਾਨ ਦੀ ਸਿੱਖਿਆ ਅਧਿਕਾਰਾਂ ਬਾਰੇ ਕਾਰਕੁਨ ਮਲਾਲਾ ਯੂਸਫ਼ਜ਼ਈ ਨੇ ਅੱਜ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਵਕ ਹੱਲ ਦੀ ਅਪੀਲ ਕਰਦਿਆਂ ਕਿਹਾ, ‘‘ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ ਅਤੇ ਇੱਕ-ਦੂਜੇ ਨੂੰ ਤਕਲੀਫ਼ ਦੇਣ ਦੀ ਕੋਈ ਲੋੜ ਨਹੀਂ ਹੈ।’’ ਨੋਬੇਲ ਪੁਰਸਕਾਰ ਜੇਤੂ ਨੇ ਟਵੀਟ ਕੀਤਾ, ‘‘ਜਦੋਂ ਮੈਂ ਬੱਚੀ ਸੀ, ਉਦੋਂ ਤੋਂ ਕਸ਼ਮੀਰ ਦੇ ਲੋਕ ਤਣਾਅ ਵਾਲੇ ਮਾਹੌਲ ਵਿੱਚ ਰਹਿ ਰਹੇ ਹਨ। ਜਦੋਂ ਮੇਰੇ ਮਾਪੇ ਛੋਟੇ ਬੱਚੇ ਸਨ ਤੇ ਦਾਦਾ-ਦਾਦੀ ਜਵਾਨ ਸਨ, ਉਦੋਂ ਵੀ ਕਸ਼ਮੀਰ ਵਿੱਚ ਤਣਾਅ ਸੀ।’’ 22 ਸਾਲਾ ਮਲਾਲਾ ਨੇ ਕਿਹਾ ਕਿ ਉਸ ਨੂੰ ਕਸ਼ਮੀਰ ਦੀ ਫ਼ਿਕਰ ਹੈ ਕਿਉਂਕਿ ‘‘ਦੱਖਣੀ ਏਸ਼ੀਆ ਮੇਰਾ ਘਰ ਹੈ, ਮੇਰਾ ਉਹ ਘਰ ਜੋ 1.8 ਅਰਬ ਲੋਕਾਂ ਨਾਲ ਸਾਂਝਾ ਹੈ, ਜਿਨ੍ਹਾਂ ਵਿੱਚ ਕਸ਼ਮੀਰੀ ਵੀ ਸ਼ਾਮਲ ਹਨ।’’ ਇਸ ਖਿੱਤੇ ਦੇ ਵੱਖੋ-ਵੱਖਰੇ ਸਭਿਆਚਾਰਾਂ, ਧਰਮਾਂ, ਭਾਸ਼ਾਵਾਂ, ਖਾਣਿਆਂ ਅਤੇ ਰਿਵਾਜ਼ਾਂ ਦੀ ਗੱਲ ਕਰਦਿਆਂ ਮਲਾਲਾ ਨੇ ਆਸ ਪ੍ਰਗਟਾਈ ਕਿ ‘‘ਅਸੀਂ ਸਾਰੇ ਸ਼ਾਂਤੀ ਨਾਲ ਰਹੀਏ।’’ ਉਸ ਨੇ ਕਿਹਾ, ‘‘ਸਾਨੂੰ ਲਗਾਤਾਰ ਤਕਲੀਫ਼ ਝੱਲਦੇ ਰਹਿਣ ਅਤੇ ਇੱਕ-ਦੂਜੇ ਨੂੰ ਦੁਖੀ ਕਰਨ ਦੀ ਕੋਈ ਲੋੜ ਨਹੀਂ ਹੈ।’’ ਮਲਾਲਾ ਨੇ ਕਿਹਾ ਕਿ ਉਸ ਨੂੰ ਕਸ਼ਮੀਰ ਵਿਚਲੀਆਂ ਮਹਿਲਾਵਾਂ ਅਤੇ ਬੱਚਿਆਂ ਦੀ ਸਭ ਤੋਂ ਵੱਧ ਚਿੰਤਾ ਹੈ ਕਿਉਂਕਿ ‘‘ਹਿੰਸਾ ਅਤੇ ਲੜਾਈ ਨਾਲ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦਾ ਹੁੰਦਾ ਹੈ।’’ ਉਸ ਨੇ ਸਾਰੇ ਦੱਖਣੀ ਏਸ਼ੀਆਈ, ਕੌਮਾਂਤਰੀ ਭਾਈਚਾਰਿਆਂ ਅਤੇ ਸਰਕਾਰਾਂ ਨੂੰ ਉਨ੍ਹਾਂ ਦੀ ਤਕਲੀਫ਼ ਦੇ ਹੱਲ ਦਾ ਸੱਦਾ ਦਿੱਤਾ ਹੈ। ਮਲਾਲਾ ਨੇ ਕਿਹਾ, ‘‘ਭਾਵੇਂ ਸਾਡੇ ਕੋਈ ਵੀ ਮਤਭੇਦ ਹੋਣ….ਸਾਨੂੰ ਕਸ਼ਮੀਰ ਦੀ ਸੱਤ ਦਹਾਕਿਆਂ ਦੀ ਲੜਾਈ ਦੇ ਸ਼ਾਂਤੀਪੂਰਵਕ ਹੱਲ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’’--