ਸਿਡਨੀ, ਅਗਸਤ 2019- ਇਥੇ ਆਸਟਰੇਲੀਆ, ਭਾਰਤ ਤੇ ਹੋਰ ਮੁਲਕਾਂ ਅੰਦਰ ਧੋਖਾਧੜੀ ਕਰਨ ’ਚ ਸ਼ਾਮਲ ਭਾਰਤੀ ਪੰਜਾਬੀਆਂ ਦਾ ਹੀ ਅੰਤਰ ਰਾਸ਼ਟਰੀ ਗਰੁੱਪ ਬੇਨਕਾਬ ਹੋਇਆ ਹੈ। ਮੁੱਖ ਸਰਗਨੇ ਸਿਡਨੀ ਵਾਸੀ ਹਰਪ੍ਰੀਤ ਸਿੰਘ ਸਾਹਨੀ ਨੂੰ ਸਪੈਸ਼ਲ ਟਾਸਕ ਫੋਰਸ ਨੇ ਦੋ ਦਿਨ ਪਹਿਲਾਂ ਦਿੱਲੀ ਦੇ ਹਵਾਈ ਅੱਡੇ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਹੁਣ ਆਸਟਰੇਲੀਆ ਦੀ ਪੁਲੀਸ ਨੇ ਭਾਰਤ ਤੋਂ ਮਿਲੇ ਸੰਕੇਤਾਂ ਤਹਿਤ ਗਰੋਹ ਨਾਲ ਜੁੜੇ ਪੰਜ ਹੋਰ ਵਿਅਕਤੀ ਕਾਬੂ ਕਰ ਲਏ ਹਨ ਪਰ ਪੁਲੀਸ ਵੱਲੋਂ ਇਨ੍ਹਾਂ ਦੇ ਨਾਮ ਜਾਰੀ ਨਹੀਂ ਕੀਤੇ। ਹਰਪ੍ਰੀਤ ਕਾਰੋਬਾਰੀ ਹੋਣ ਦੇ ਨਾਲ- ਨਾਲ ਸਕਿਉਰਟੀ ਇੰਡੀਸਟਰੀ ਦਾ ਲਾਇਸੈਂਸ ਹੋਲਡਰ ਸੀ ਜੋ ਸਿਡਨੀ ’ਚ ਸਾਲ 2007 ਵਿੱਚ ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਸ਼ਿਵਪੁਰੀ ਤੋਂ ਆਇਆ ਸੀ। ਇਸ ਤੋਂ ਪਹਿਲਾਂ ਗਗਨਦੀਪ ਸਿੰਘ ਪਾਵਾ, ਬੀਪਨ ਥਾਪਾ ਤੇ ਕੁਝ ਹੋਰ ਕਰੀਬ ਸੌ ਮਿਲੀਅਨ ਡਾਲਰ ਦੇ ਨਗਦ ਚਲਦੇ ਕਾਰੋਬਾਰ ਦੇ ਦੋਸ਼ ਵਿੱਚ ਕਾਬੂ ਕੀਤੇ ਗਏ ਸਨ।
ਪੁਲੀਸ ਮੁਤਾਬਕ ‘ਕ੍ਰਿਪਟੋਕਰੰਸੀ’ ਵਿਚ ਨਿਵੇਸ਼ ਦਾ ਮੁਨਾਫ਼ਾ ਦਸ ਕੇ ਸੌ ਤੋਂ ਵਧੇਰੇ ਆਸਟਰੇਲੀਆ ਵਾਸੀਆਂ ਨੂੰ ਚੂਨਾ ਲਾਇਆ ਹੈ। ਪੁਲੀਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਸਮੇਤ ਕਰੀਬ 200 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਨਿਵੇਸ਼ਕ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਪਾਕਿਸਤਾਨ, ਬੰਗਲਾਦੇਸ਼, ਸਿੰਗਾਪੁਰ ਸਮੇਤ 22 ਦੇਸ਼ਾਂ ਦੇ ਸਨ।
ਸਾਈਬਰ ਕ੍ਰਾਈਮ ਗਰੁੱਪ ਦੇ ਸੁਪਰਡੈਂਟ ਟੈਰੀ ਲਾਰੈਂਸ ਨੇ ਕਿਹਾ ਕਿ ਪੀੜਤਾਂ ਨੂੰ ਇਕ ਅਜਮਾਇਸ਼ ਨਿਵੇਸ਼ ਦੀ ਪੇਸ਼ਕਸ਼ ਕੀਤੀ ਗਈ ਅਤੇ ਵਧੇਰੇ ਫੰਡਾਂ ਦਾ ਨਿਵੇਸ਼ ਕਰਨ ਲਈ ਉਕਸਾਇਆ ਗਿਆ। ਉਨ੍ਹਾਂ ਦੱਸਿਆ ਜਦੋਂ ਪੀੜਤਾਂ ਨੇ ਆਪਣੀ ਪੂੰਜੀ ਵਾਪਸ ਮੰਗੀ ਤਾਂ ਉਨ੍ਹਾਂ ਨੂੰ ਨਹੀਂ ਮਿਲੀ। ਉਧਰ ਪੁਲੀਸ ਨੇ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਜਤਾਈ ਹੈ।