ਚੱਲ ਰਹੀਆਂ ਤਿਆਰੀਆਂ ਦੀ ਕੀਤੀ ਸਮੀਖਿਆ
ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼, ਕਲੀਨਿਕ ਦਾ ਕੰਮ ਹਰ ਹੀਲੇ ਦੋ ਦਿਨਾਂ 'ਚ ਕੀਤਾ ਜਾਵੇ ਮੁਕੰਮਲ
ਲੁਧਿਆਣਾ, 09 ਅਗਸਤ - ਪੰਜਾਬ ਸਰਕਾਰ ਵਲੋ ਆਮ ਲੋਕਾਂ ਦੀ ਸਿਹਤ ਸਹੂਲਤ ਸਬੰਧੀ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਅੱਜ ਸਥਾਨਕ ਫੋਕਲ ਪੁਆਇੰਟ ਵਿਖੇ ਉਸਾਰੀ ਅਧੀਨ ਕਲੀਨਿਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਮ.ਓ. ਡਾ. ਗੁਰਪ੍ਰੀਤ ਕੌਰ, ਪੀ.ਡਬਲਿਊ.ਡੀ. ਦੇ ਜੇ.ਈ. ਸ੍ਰੀ ਰਾਜ ਕੁਮਾਰ, ਨਗਰ ਨਿਗਮ ਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਭੋਲਾ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ 11 ਅਗਸਤ, 2022 ਤੱਕ ਆਮ ਆਦਮੀ ਕਲੀਨਿਕ ਦੀ ਤਿਆਰੀ ਦਾ ਕੰਮ ਹਰ ਹੀਲੇ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਫੋਕਲ ਪੁਆਇੰਟ ਵਿਖੇ ਆਮ ਆਦਮੀ ਕਲੀਨਿਕ ਖੋਲੇ ਜਾਣ ਤੋਂ ਬਾਅਦ ਰਾਜੀਵ ਗਾਂਧੀ ਕਲੋਨੀ, ਲੇਬਰ ਕਲੋਨੀ, ਸ਼ੇਰਪੁਰ ਤੋਂ ਇਲਾਵਾ ਹਲਕਾ ਪੂਰਬੀ ਦੇ ਵਸਨੀਕਾਂ ਨੂੰ ਇਸਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੁੱਲ 9 ਆਮ ਆਦਮੀ ਕਲੀਨਿਕ ਸੁਰੂ ਕੀਤੇ ਜਾਣਗੇ ਜਿਨ੍ਹਾ ਵਿੱਚ 6 ਲੁਧਿਆਣਾ ਲੋਕਲ ਵਿੱਚ ਸ਼ਾਮਲ ਹਨ।ਵਿਧਾਇਕ ਭੋਲਾ ਨੇ ਕਿਹਾ ਕਿ ਸੂਬੇ ਵਿੱਚ ਸ. ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਆਮ ਆਦਮੀ ਕਲੀਨਿਕ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 15 ਅਗਸਤ ਮੌਕੇ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ 75 ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ।
News By ; Manjinder Gill ( 7888466199 )