ਕਲਮਾਂ ਵਾਲਿਓ ਤਿੱਖੀਆਂ ਕਰੋ ਕਲਮਾਂ,
ਮੁੱਦੇ ਸਮਾਜ ਵਾਲ਼ੇ ਖੂਬ ਉਭਾਰੀਏ ਜੀ।
ਬੁੱਧੀਜੀਵੀਆਂ ਨਾਲ ਆਓ ਵਿਚਾਰ ਕਰੀਏ,
ਮੀਟਿੰਗਾਂ ਕਰ ਕਰ ਸੋਚ ਵਿਚਾਰੀਏ ਜੀ।
ਕਿਥੇ ਕੀ ਕਮੀਆਂ ਸੂਬੇ ਪੰਜਾਬ ਅੰਦਰ,
ਸਾਰੇ ਇਸ ਗੱਲ ਨੂੰ ਬੈਠ ਨਿਹਾਰੀਏ ਜੀ।
ਓਹਨਾਂ ਦੇ ਹੱਲ ਲਈ ਲੁਕਾਈ ਨੂੰ ਕਰ ਇਕੱਠੇ,
ਬਣਾ ਕੇ ਏਕਤਾ ਹੰਭਲਾ ਮਾਰੀਏ ਜੀ।
ਸਰਕਾਰੇ ਦਰਬਾਰੇ ਇਕੱਠ ਦੀ ਸੁਣੀ ਜਾਂਦੀ,
ਆਓ ਕਰ ਬੇਨਤੀ ਮੁੱਦੇ ਸੁਧਾਰੀਏ ਜੀ।
ਇਨਸਾਨੀਅਤ ਨਾਤੇ ਜੋ ਖੁਦ ਦਾ ਫਰਜ਼ ਬਣਦਾ,
ਪਹਿਲਾਂ ਆਪਣਾ ਆਪ ਸਵਾਰੀਏ ਜੀ।
ਕੁੱਲੀ ਗੁੱਲੀ ਜੁੱਲੀ ਤੇ ਨਾਲ ਰੁਜ਼ਗਾਰ ਮਿਲ ਜਾਏ,
ਸਰਕਾਰ ਨੂੰ ਬੇਨਤੀ ਸਹਿਤ ਪੁਕਾਰੀਏ ਜੀ।
ਸੱਚੇ ਦਿਲੋਂ ਇਨਸਾਨੀਅਤ ਦੀ ਮਦਦ ਕਰੀਏ,
ਖਾਹ ਮਖਾਹ ਨਾ ਹੁਕਮ ਨੂੰ ਚਾੜ੍ਹੀਏ ਜੀ।
ਊਣਤਾਈਆਂ ਸਮਾਜ ਦੀਆਂ ਸਦਾ ਲਿਖੀਏ,
ਇਸ ਕਾਰਜ ਲਈ ਕਦੇ ਨਾ ਹਾਰੀਏ ਜੀ।
ਕਹੇ ਦੱਦਾਹੂਰੀਆ ਚੇਤਨ ਤਾਂ ਹੀ ਲੋਕ ਹੋਵਣ,
ਕਲਮਾਂ ਵਾਲਿਓ ਜੇ ਦਿਲਾਂ ਵਿੱਚ ਧਾਰੀਏ ਜੀ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556