ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ, ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ
ਅਕਸਰ ਹੀ ਦੇਖਿਆ ਜਾਂਦਾ ਹੈ ਕਿ ਅੱਜ ਦਾ ਇਨਸਾਨ ਝੂਠੇ ਤੇ ਮਤਲਬ ਦੇ ਰਿਸ਼ਤਿਆਂ ਦੀ ਜ਼ਿੰਦਗੀ ਜ਼ਿਆਦਾ ਜਿਉਂ ਰਿਹਾ ਹੈ।ਇੰਨਾਂ ਰਿਸ਼ਤਿਆਂ ਨੂੰ ਜ਼ਿਆਦਾ ਅਹਿਮੀਅਤ ਦੇ ਰਿਹਾ ਹੈ।ਅੱਜ ਦਾ ਜੋ ਵੀ ਇਨਸਾਨ ਉੱਪਰੋਂ ਝੂਠੀ ਵਾਹ ਵਾਹ ਕਰਦਾ ਹੈ ਦੂਜਿਆਂ ਲਈ ਉਹੀ ਸਭ ਕੁੱਝ ਹੈ ।ਪਾਕ ਰੂਹਾਂ ਦੇ ਰਿਸ਼ਤੇ ਤਾਂ ਹੁਣ ਕਿਤੇ ਦਿਖਾਈ ਹੀ ਨਹੀਂ ਦਿੰਦੇ ।ਕੋਈ ਟਾਵਾਂ ਟਾਵਾਂ ਹੀ ਹੋਵੇਗਾ ਜੋ ਰਿਸ਼ਤਿਆਂ ਨੂੰ ਸੱਚੇ ਦਿਲ ਨਾਲ ਨਿਭਾ ਰਿਹਾ ਹੋਵੇਗਾ ।ਰਿਸਤਿਆਂ ਤੇ ਦੋਸਤੀ ਦੀ ਬੁਨਿਆਦ ਸੱਚ ਤੇ ਹੀ ਟਿਕੀ ਹੋਈ ਹੈ।ਜੇਕਰ ਅਸੀਂ ਕੋਈ ਵੀ ਰਿਸਤਾ ਸੱਚ ਦੀ ਨੀਂਹ ਤੇ ਖੜਾ ਕਰਾਗੇ ਤਾ ਜਿਆਦਾ ਸਮੇਂ ਤੱਕ ਮਜਬੂਤ ਰਹੇਗਾ ।ਜੇਕਰ ਅਸੀਂ ਕੋਈ ਰਿਸਤਾ ਝੂਠ ਜਾਂ ਮਤਲਬ ਨਾਲ ਬਣਾਉਂਦੇ ਹਾਂ ਤਾਂ ਉਹ ਰਿਸਤਾ ਜਲਦੀ ਹੀ ਕੁੱਝ ਪਲਾਂ ਵਿੱਚ ਖੇਰੂ-ਖੇਰੂ ਹੋ ਜਾਵੇਗਾ ।ਯਾਦ ਰੱਖਿਓ ਇੱਕ ਝੂਠ ਦੇ ਬਣਾਏ ਰਿਸਤੇ ਨੂੰ ਬਚਾਉਣ ਲਈ ਲੱਖਾਂ ਝੂਠ ਬੋਲਣੇ ਪੈਣਗੇ।ਝੂਠੇ ਤੇ ਮਤਲਬੀ ਲੋਕ ਕਦੇ ਕਿਸੇ ਦੇ ਚੰਗੇ ਦੋਸਤ ਨਹੀਂ ਬਣ ਸਕਦੇ। ਮਤਲਬੀ ਲੋਕ ਆਪਣੇ ਮਤਲਬ ਲਈ ਕੁਝ ਵੀ ਕਰ ਸਕਦੇ ਹਨ ਪਰ ਧਿਆਨ ਰੱਖੋ ਕੇ ਰਿਸਤਿਆਂ ਨੂੰ ਨਿਭਾਉਣਾ ਹੈ ਤੇ ਕਿੱਦਾ ਬਚਾਉਣਾ ਹੈ ਤਾ ਕਿ ਲੋਕਾਂ ਦਾ ਰਿਸਤਿਆਂ ਤੇ ਯਕੀਨ ਬਣਿਆਂ ਰਹੇ । ਅੱਜ ਕੱਲ ਮਤਲਬੀ ਲੋਕਾਂ ਨੇ ਦੁਨੀਆਂ ਤੇ ਅਜਿਹਾ ਅਸਰ ਪਾਇਆਂ ਹੈ, ਕਿ ਦੁਨੀਆਂ ਤੇ ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ।ਮਤਲਬੀ ਲੋਕ ਉੱਪਰੋ ਕੁੱਝ ਹੋਰ ਹੁੰਦੇ ਹਨ ਤੇ ਅੰਦਰੋਂ ਕੁੱਝ ਹੋਰ ਭਾਵ ਮਤਲਬੀ ਲੋਕ ਕਹਿੰਦੇ ਕੁੱਝ ਹੋਰ ਹਨ ਤੇ ਕਰਦੇ ਕੁੱਝ ਹੋਰ ਹਨ।ਇੱਕ ਸਾਫ ਦਿਲ ਇਨਸਾਨ ਮਤਲਬੀ ਲੋਕਾਂ ਨਾਲ ਰਹਿਣਾ ਤਾ ਦੂਰ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰੇਗਾ ।ਕਿਉਂਕਿ ਮਤਲਬੀ ਲੋਕਾਂ ਦੇ ਦਿੱਤੇ ਜਖਮ ਇੱਕ ਸਾਫ ਦਿਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੇ ਹਨ । ਠੀਕ ਹੀ ਕਿਹਾ ਹੈ ਕਿਸੇ ਨੇ ਕਿ
ਮੰਗ ਕੇ ਖਾਣ ਨਾਲੋਂ, ਕਰਨੀ ਮਜਦੂਰੀ ਚੰਗੀ ਏ,
ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ....!!
ਇਸ ਮਤਲਬੀ ਦੁਨੀਆਂ ਵਿੱਚ ਕੋਈ ਕਿਸੇ ਦਾ ਆਪਣਾ ਨਹੀਂ ਖਾਸ ਕਰਕੇ ਮਤਲਬੀ ਤੇ ਝੂਠੇ ਲੋਕ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ ਹਨ ਹਮੇਸਾ ਆਪਣੇ ਫਾਇਦੇ ਲਈ ਹੀ ਜੁੜੇ ਹੁੰਦੇ ਹਨ।ਕਈ ਦੋਸਤ ਮਤਲਬ ਲਈ ਸਾਡੀ ਏਨੀ ਕੁ ਖੁਸਾਮਦ ਕਰ ਦਿੰਦੇ ਹਨ ਕਿ ਅਸੀਂ ਉਸਦੇ ਹੀ ਹੋਕੇ ਰਹਿ ਜਾਂਦੇ ਹਾਂ।ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਦੋ ਚਾਰ ਦਿਨਾਂ ਬਾਅਦ ਉਹ ਇਹ ਕਹਿ ਦਿੰਦੇ ਹਨ ਬੱਸ ਯਾਰ ਹੋਰ ਨਹੀਂ ਨਿਭਦੀ ,ਤੇਰੀ ਮੇਰੀ ਸੋਚ ਨਹੀਂ ਮਿਲਦੀ ਤੇਰੇ ਨਾਲ ਰਹਿਣਾ ਗੱਲ ਕਰਨੀ ਮਜਬੂਰੀ ਸੀ ਮੈਨੂੰ ਮੁਆਫ ਕਰ ਦੇ ਦੋਸਤ ਮੈ ਮਜਬੂਰ ਹਾਂ ਇਹ ਕਹਿ ਕੇ ਪੱਲਾ ਛੁਡਾ ਲੈਂਦੇ ਹਨ ਉਹ ਨਹੀਂ ਸੋਚਦੇ ਜਿਸ ਇਨਸਾਨ ਨੇ ਤੁਹਾਨੂੰ ਆਪਣਾ ਬਣਾ ਹੀ ਲਿਆ ਹੋਵੇ ਉਸਨੂੰ ਇਸ ਤਰ੍ਹਾਂ ਤੋੜਨਾ ਉਸਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਫ ਦਿਲ ਨੂੰ ਤੋੜਨਾ ਸਭ ਤੋ ਵੱਡਾ ਜੁਰਮ ਹੈ ।ਕਹਿੰਦੇ ਹਨ ਕਿ ਪਿਆਰ ਤੇ ਦੋਸਤੀ ਵਿੱਚ ਕੀਤੇ ਗਏ ਧੋਖੇ ਦੀ ਕੋਈ ਮੁਆਫੀ ਨਹੀਂ ਹੁੰਦੀ ।ਏਥੇ ਕੋਈ ਪਿਆਰ ਨਹੀਂ ਹੈ ਕੋਈ ਦੋਸਤ ਨਹੀਂ ਕੋਈ ਭੈਣ-ਭਰਾ ਨਹੀਂ ਝੂਠੇ ਤੇ ਮਤਲਬੀ ਲੋਕਾਂ ਨੇ ਸਾਰੇ ਰਿਸਤੇ ਖਤਮ ਕਰ ਦਿੱਤੇ ਹਨ।ਜੇਕਰ ਸੱਚਾ ਰਿਸ਼ਤਾ ਹੈ ਉਹ ਮਾਂ ਬਾਪ ਦ ਰਿਸ਼ਤਾ ।ਮੇਰੇ ਅਨੁਸਾਰ ਕੁੱਝ ਮਤਲਬੀ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ
ਇਸ ਦੁਨੀਆਂ ਵਿੱਚ ਮੱਦਦਗਾਰ ਬੜੇ ਨੇ ,
ਪਲ ਵਿੱਚ ਆਪਣਾ ਬਣਾ ਲੈਣ ,
ਪਲ ਵਿੱਚ ਵਿਸਾਰ ਦੇਣ ,
ਇਹੋ ਜਿਹੇ ਖੁਦਗਾਰ ਬੜੇ ਨੇ ।
ਕੰਮ ਦੇ ਨਾਲ ਮਤਲਬ ਰੱਖਦੇ ,
ਪਿੱਠ ਪਿੱਛੇ ਆਪਣੇ ਹੀ ਠੱਗਦੇ ,
ਸਭ ਕੁੱਝ ਲੁੱਟ ਲੈ ਜਾਣ ,
ਪੈਸੇ ਦੇ ਯਾਰ ਬੜੇ ਨੇ ।
ਕਈ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ,
ਸਾਰਿਆਂ ਦੇ ਦਿਲਾਂ ਨੂੰ ਭਾਉਂਦੇ ,
ਪਰ ਫੁੱਲਾਂ ਨਾਲ ਵੀ ਖਾਰ ਬੜੇ ਨੇ।
ਧਾਲੀਵਾਲ ਕਈ ਝੂਠ ਨੂੰ ਸੱਚ ਕਹਿੰਦੇ ,
ਤੇ ਸੱਚ ਨੂੰ ਝੁਠਲਾਉਂਦੇ ,
ਗਗਨ ਦੁਨੀਆਂ ਤੇ ਮਤਲਬੀ ਯਾਰ ਬੜੇ ਨੇ।
ਕੁੱਝ ਲੋਕ ਗਿਰਗਟ ਦੀ ਤਰ੍ਹਾਂ ਹੁੰਦੇ ਹਨ ਜੋ ਮਤਲਬ ਨਿਕਲਦਿਆਂ ਹੀ ਰੰਗ ਬਦਲ ਲੈਂਦੇ ਹਨ।ਜੋ ਲੋਕ ਕਹਿੰਦੇ ਹਨ ਕਿ ਭਰੋਸਾ ਕਰੋ ਅਸੀਂ ਦੂਜਿਆਂ ਵਰਗੇ ਨਹੀਂ ਅਸਲ ਵਿੱਚ ਉਹੀ ਹੀ ਭਾਵਨਾਵਾਂ ਨਾਲ ਖੇਡਦੇ ਹਨ।ਮੌਕਾਪ੍ਰਸਤ ਲੋਕ ਜੁਬਾਨ ਦੇ ਥੋੜ੍ਹੇ ਜਿਆਦਾ ਮਿੱਠੇ ਹੁੰਦੇ ਹਨ ।ਮਤਲਬੀ ਤੇ ਝੂਠੇ ਲੋਕਾਂ ਕੋਲ ਮਤਲਬ ਕੱਢਣ ਦੇ ਬਹੁਤ ਤਰੀਕੇ ਹੁੰਦੇ ਹਨ ਉਹ ਖੁਦ ਹੀ ਗਵਾਹ ਬਣ ਜਾਂਦੇ ਹਨ ਤੇ ਖੁਦ ਹੀ ਵਕੀਲ ਤੇ ਜੱਜ ਬਣ ਜਾਂਦੇ ਹਨ।
ਕਿਸੇ ਨੇ ਬਾਖੂਬੀ ਮਤਲਬੀ ਲੋਕਾਂ ਬਾਰੇ ਕਿਹਾ ਹੈ
“ਮਤਲਬੀ ਲੋਕਾਂ ਨਾਲ ਰਹਿਣ ਦਾ ਮਜਾ ਹੀ ਵੱਖਰਾ ਹੈ ,
ਥੋੜ੍ਹੀ ਤਕਲੀਫ ਤਾਂ ਦਾ ਜਰੂਰ ਹੁੰਦੀ ਹੈ
ਪਰ ਦੁਨੀਆਂ ਦੇ ਦਰਸਨ ਉਹਨਾਂ ਦੇ ਅੰਦਰ ਹੋ ਜਾਂਦੇ ਹਨ।”
ਮਤਲਬੀ ਦੋਸਤ ਹਮੇਸਾ ਤੁਹਾਨੂੰ ਝੂਠ ਇਸ ਤਰ੍ਹਾਂ ਦੱਸਣਗੇ ਕਿ ਤੁਹਾਨੂੰ ਸੁਣਨ ਨੂੰ ਵਧੀਆਂ ਲੱਗੇ। ਬਿਲਕੁਲ ਠੀਕ ਕਿਹਾ ਹੈ ਕਿ -ਮਤਲਬ ਦਾ ਵਜਨ ਬਹੁਤ,ਜਿਆਦਾ ਹੈ ,ਤਾਂਹੀ ਤਾਂ ਮਤਲਬ ਨਿਕਲਦੇ ਹੀ ਰਿਸਤੇ ਹਲਕੇ ਹੋ ਜਾਂਦੇ ਹਨ।
ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦਾ ਹੀ ਨਹੀ ਰਹਿੰਦਾ,,
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਹਨ।ਇਹੋ। ਪਤਾ ਨਹੀਂ ਲੱਗਿਆ ਹਲੇ ਤੱਕ ਮੈਨੂੰ ਵੀ ਕਿ ਮਤਲਬ ਲਈ ਲੋਕ ਕਿਓ ਮੇਹਰਬਾਨ ਹੁੰਦੇ ਹਨ ।ਅੱਜ ਦੇ ਸਮੇਂ ਵਿੱਚ ਕੋਈ ਸੱਚਾ ਪਿਆਰ ਸੱਚਾ ਰਿਸਤਾ ਨਹੀਂ ਹੈ ਸਾਰੇ ਹੀ ਮਤਲਬ ਨਾਲ ਬੱਝੇ ਹੋਏ ਹਨ ,ਅੱਜ ਕੱਲ ਪਿਆਰ ਦਾ ਕੋਈ ਮਤਲਬ ਨਹੀਂ ਹੈ ਪਰ ਹਾਂ ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ ਹੈ।ਅੱਜ ਤਾਂ ਮਤਲਬੀ ਲੋਕ ਏਥੋ ਤੱਕ ਗਿਰ ਚੁੱਕੇ ਹਨ ਕਿ ਰੱਬ ਵੀ ਮਤਲਬੀ ਲੋਕਾਂ ਨੂੰ ਬਦਲ ਨਹੀ ਸਕਿਆ ਜਦ ਕਿ ਮਤਲਬੀ ਲੋਕਾਂ ਨੇ ਅਨੇਕਾਂ ਰੱਬ ਬਦਲ ਲਏ ਹਨ।ਹਮੇਸਾਂ ਰਿਸਤੇ ਸਮਝਦਾਰੀ ਨਾਲ ਨਿਭਾਉਣੇ ਚਾਹੀਦੇ ਹਨ ਜਿਸ ਵਿੱਚ ਮਤਲਬ ਜਾਂ ਝੂਠ ਸਬਦ ਆ ਜਾਵੇ ਉਹ ਰਿਸਤੇ ਰਿਸਤੇ ਨਹੀਂ ਰਹਿੰਦੇ ਸਗੋਂ ਇੱਕ ਵਪਾਰ ਬਣ ਜਾਂਦੇ ਹਨ ।ਉਨ੍ਹਾਂ ਰਿਸਤਿਆਂ ਦੇ ਟੁੱਟਣ ਤੇ ਅਫਸੋਸ ਨਹੀ ਸੁਕਰ ਕਰਨਾ ਚਾਹੀਦਾ ਜਿਹੜੇ ਮਤਲਬ ਦੇ ਹੋਣ।
ਯਾਦ ਰੱਖਿਓ ਹਮੇਸਾ ਇੱਕ ਪਰਮਾਤਮਾ ਤੇ ਮਾਂ ਦਾ ਪਿਆਰ ਹੀ ਸੱਚਾ ਹੈ ਜੋ ਬਿਨਾ ਮਤਲਬ ਦੇ ਹੈ ।ਕਿਸੇ ਸਾਇਰ ਨੇ ਸਹੀ ਕਿਹਾ ਹੈ -
“ਇੱਕ ਮਾਂ ਦੂਜਾ ਰੱਬ ਮੈਨੂੰ ਦੋਵੇਂ ਆ ਪਿਆਰੇ
ਬਾਕੀ ਮਤਲਬ ਨਿਕਲੇ ਤੇ ਭੁੱਲ ਜਾਂਦੇ ਸਾਰੇ”
ਕੁੱਝ ਲੋਕ ਸਿਰਫ ਮਤਲਬ ਲਈ ਹੀ ਤੁਹਾਡੇ ਨਾਲ ਰਹਿਣਾ ਪਸੰਦ ਕਰਦੇ ਹਨ ਤੇ ਕੁੱਝ ਲੋਕਾਂ ਦੀ ਵਫਾ ਅਕਸਰ ਉੱਥੋਂ ਤੱਕ ਹੀ ਹੁੰਦੀ ਹੈ ਜਿੱਥੋਂ ਤੱਕ ਉਹਨਾਂ ਨੂੰ ਮਤਲਬ ਹੁੰਦਾ ਹੈ।ਮਤਲਬ ਲੋਕਾਂ ਨੇ ਰਿਸਤਿਆਂ ਦਾ ਵਪਾਰ ਬਣਾ ਦਿੱਤਾ ਜਦੋਂ ਜੀ ਚਾਹੋ ਅਪਣਾ ਲਵੋ ਜਦੋਂ ਜੀ ਕੀਤਾ ਤੋੜ ਦੇਵੋ । ਕਦਰ ਕਰੋ ਉਹਨਾ ਦੀ ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਮਿਲਦੇ ਹਨ। ਅੱਜ ਦੇ ਯੁੱਗ ਵਿੱਚ ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ, ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ !ਮਤਲਬੀ ਲੋਕਾਂ ਨੂੰ ਕਦੇ ਵੀ ਚੈਨ ਨਹੀਂ ਮਿਲਦਾ ਉਹ ਹਮੇਸਾ ਭਟਕਦੇ ਰਹਿੰਦੇ ਹਨ ਨਾ ਹੀ ਕੋਈ ਉਹਨਾਂ ਨੂੰ ਮੂੰਹ ਲਾਉਂਦਾ ਹੈ।ਮਤਲਬੀ ਲੋਕ ਚੰਗੇ ਲੋਕਾਂ ਦੀ ਜਿੰਦਗੀ ਵਿੱਚ ਜਿਆਦਾ ਸਮਾਂ ਨਹੀਂ ਠਹਿਰ ਸਕਦੇ ਕਿਉਂਕਿ ਸਮਝਦਾਰ ਲੋਕ ਹਮੇਸਾ ਹੀ ਉਹਨਾਂ ਤੋਂ ਕਿਨਾਰਾ ਕਰ ਲੈਂਦੇ ਹਨ।ਝੂਠੇ ਲੋਕ ਹਮੇਸਾ ਕਿਸੇ ਦੀ ਇਮਾਨਦਾਰੀ ਤੇ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹਨ ਤੇ ਉਹਨਾਂ ਦੇ ਫੁੱਲਾਂ ਜਿਹੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜੋ ਕਿ ਸਭ ਤੋ ਵੱਡਾ ਜੁਰਮ ਹੈ।ਉਹਨਾਂ ਦੀਆ ਭਾਵਨਾਵਾਂ ਨਾਲ ਖੇਡਦੇ ਹਨ ਜਦੋਂ ਜੀ ਭਰ ਜਾਂਦਾ ਹੈ ਤਾਂ ਦੂਰ ਹੋਣ ਦੇ ਬਹਾਨੇ ਘੜਦੇ ਹਨ।ਅਜਿਹੇ ਲੋਕਾਂ ਤੋ ਜਿੰਨਾ ਬਚਿਆ ਜਾਵੇ ਚੰਗਾ ਹੈ।ਕਦੇ ਵੀ ਕਿਸੇ ਨਾਲ ਮਾੜਾ ਵਿਵਹਾਰ ਨਾ ਕਰੋ ਨਾ ਹੀ ਕੋਈ ਮਤਲਬ ਦਾ ਰਿਸਤਾ ਬਣਾਓ ਜਦੋਂ ਕੋਈ ਮਤਲਬ ਦਾ ਬਣਾਇਆ ਰਿਸਤਾ ਟੁੱਟਦਾ ਹੈ ਤਾਂ ਪਤਾ ਨਹੀਂ ਕਿੰਨਿਆਂ ਦਾ ਵਿਸਵਾਸ ਚਕਨਾਚੂਰ ਹੋ ਜਾਂਦਾ ਹੈ।ਤੇ ਕਿੰਨੇ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਮਤਲਬ ਦੇ ਰਿਸਤਿਆਂ ਤੋਂ ਹਮੇਸਾ ਦੂਰੀ ਬਣਾ ਕੇ ਰੱਖੋ।
ਪ੍ਰੋ.ਗਗਨਦੀਪ ਕੌਰ ਧਾਲੀਵਾਲ