ਲੰਡਨ, ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)-ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂ.ਕੇ. ਸਰਕਾਰ ਵਲੋਂ 1 ਜੂਨ ਨੂੰ ਸਕੂਲ ਖੋਲ੍ਹੇ ਜਾਣ ਦੇ ਐਲਾਨ ਨੂੰ ਲੈ ਕੇ ਮਾਪਿਆਂ 'ਚ ਪੈਦਾ ਹੋਈ ਬੇਚੈਨੀ ਦੇ ਮੁੱਦੇ ਨੂੰ ਸੰਸਦ 'ਚ ਉਠਾਇਆ । ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਹਲਕੇ ਦੇ ਲੋਕ ਚਾਹੁੰਦੇ ਹਨ ਕਿ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸਕੂਲ ਖੋਲ੍ਹੇ ਜਾਣ ਪਰ ਉਨ੍ਹਾਂ ਬੱਚਿਆਂ ਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਸਿੱਖਿਆ ਮੰਤਰੀ ਨੂੰ ਸਵਾਲ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੋਜਨਾ ਤਿਆਰ ਕਰਨ ਲਈ ਯੂਨੀਅਨ ਤੇ ਹੋਰ ਸਬੰਧਿਤ ਧਿਰਾਂ ਨੂੰ ਇਸ ਯੋਜਨਾ 'ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ, ਸਟਾਫ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਹੋ ਸਕੇ । ਉਨ੍ਹਾਂ ਕਿਹਾ ਕਿ ਸਕੂਲ ਉਦੋਂ ਹੀ ਖੋਲ੍ਹੇ ਜਾਣ ਜਦੋਂ ਦੋਵੇਂ ਪੱਖਾਂ ਤੋਂ ਸੁਰੱਖਿਆ ਦਾ ਭਰੋਸਾ ਹੋ ਜਾਵੇ ।