ਸ਼ਹਿਰ ਦੀ ਹਾਲਤ ਸੁਧਾਰਨ ਲਈ ਕੋਈ ਕਸਰ ਨਹੀਂ ਛੱਡਾਂਗੀ-ਵਿਧਾਇਕਾ ਮਾਣੂੰਕੇ
ਜਗਰਾਉਂ ,23 ਜੁਲਾਈ ( ਗੁਰਕੀਰਤ ਜਗਰਾਉਂ/ਮਨਜਿੰਦਰ ਗਿੱਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਧਾਉਣ ਲਈ ਲਗਭਗ 70 ਲੱਖ ਰੁਪਏ ਦੇ ਹੋਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਲੋਕਲ ਗੌਰਮਿੰਟ ਵਿਭਾਗ ਦੇ ਪੱਤਰ ਨੰਬਰ 5191 ਮਿਤੀ 21 ਜੁਲਾਈ 2022 ਦੀ ਕਾਪੀ ਵਿਖਾਉਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 80 ਨੰਬਰ ਟਰਾਈਸਾਈਕਲਾਂ ਲਈ 20 ਲੱਖ ਰੁਪਏ ਦੀ ਮੰਨਜੂਰੀ ਦਿੱਤੀ ਗਈ ਹੈ। ਸ਼ਹਿਰ ਦੇ 23 ਵਾਰਡ ਹਨ ਤੇ ਹਰ ਵਾਰਡ ਲਈ 3-4 ਟਰਾਈਸਾਈਕਲ ਦਿੱਤੇ ਜਾ ਸਕਣਗੇ। ਜੋ ਲੋਕਾਂ ਦੇ ਘਰਾਂ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣਗੇ। ਇੱਕ ਟਰੈਕਟਰ ਲੋਡਰ ਖ੍ਰੀਦਣ ਦੀ ਮੰਨਜੂਰੀ ਦਿੱਤੀ ਗਈ ਹੈ, ਜਿਸ ਦੀ ਕੀਮਤ ਤਿੰਨ ਲੱਖ ਰੁਪਏ ਹੈ। ਇਸੇ ਤਰਾਂ ਹੀ ਇੱਕ ਬਲਿੰਗ ਮਸ਼ੀਨ, ਜਿਸ ਦੀ ਕੀਮਤ ਪੰਜ ਲੱਖ ਰੁਪਏ ਅਤੇ ਇੱਕ ਵੇਸਟ ਗਰਾਂਈਡਰ, ਜਿਸ ਦੀ ਕੀਮਤ ਦੋ ਲੱਖ ਰੁਪਏ ਹੈ, ਖ੍ਰੀਦਣ ਦੀ ਮੰਨਜੂਰੀ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰ ਦੇ ਕੂੜਾ-ਕਰਕਟ ਨੂੰ ਸੰਭਾਲਿਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 37 ਲੱਖ 50 ਹਜ਼ਾਰ ਰੁਪਏ ਦੇ 5 ਨੰਬਰ ਟਾਟਾ ਏਸ ਵਹੀਕਲ ਖ੍ਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਪਾਰਕਾਂ ਦੀ ਕਟਿੰਗ ਤੇ ਸਫ਼ਾਈ ਵਾਸਤੇ ਦੋ ਲੱਖ ਰੁਪਏ ਦੀ ਕੀਮਤ ਦਾ ਸ਼ਰੈਡਰ ਖ੍ਰੀਦਣ ਦੀ ਮੰਨਜੂਰੀ ਵੀ ਦਿੱਤੀ ਗਈ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜਗਰਾਉਂ ਸ਼ਹਿਰ ਸੀਵਰੇਜ ਅਤੇ ਬਾਰਸਾਂ ਦੇ ਨਿਕਾਸੀ ਪਾਣੀ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਲਈ ਉਹਨਾਂ ਵੱਲੋਂ ਆਪਣੇ ਪੱਧਰ 'ਤੇ ਪੰਜਾਬ ਸਰਕਾਰ ਕੋਲ ਇਹ ਮਾਮਲਾ ਉਠਾ ਕੇ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਲਈ ਜ਼ੈਟ ਮਸ਼ੀਨ ਮੰਗਵਾਈ ਗਈ ਹੈ, ਜਿਸ ਅੰਦਰ ਕੈਮਰੇ ਵੀ ਲੱਗੇ ਹੋਏ ਹਨ, ਜੋ ਲਗਭਗ ਇੱਕ ਮਹੀਨੇ ਤੋਂ ਸ਼ਹਿਰ ਦੇ ਸੀਵਰੇਜ ਨੂੰ ਸਾਫ਼ ਕਰ ਰਹੀ ਹੈ ਅਤੇ ਡਰੇਨ ਦੀ ਸਫਾਈ ਵੱਖਰੇ ਤੌਰਤੇ ਕੀਤੀ ਗਈ ਹੈ। ਸ਼ਹਿਰ ਦਾ ਸੀਵਰੇਜ ਸਾਫ਼ ਕਰਨ ਨੂੰ ਲਗਭਗ 3 ਤੋਂ 4 ਮਹੀਨੇ ਲੱਗ ਸਕਦੇ ਹਨ ਅਤੇ ਜਦੋਂ ਸੀਵਰੇਜ ਦੀਆਂ ਪਾਈਪਾਂ ਸਾਫ ਹੋ ਜਾਣਗੀਆਂ ਤਾਂ ਸੀਵਰੇਜ ਦੇ ਪਾਣੀ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਪਹਿਲਾਂ ਸ਼ਹਿਰ ਦੇ ਕਮਲ ਚੌਂਕ ਵਿੱਚੋਂ ਦੋ-ਦੋ, ਤਿੰਨ-ਤਿੰਨ ਦਿਨ ਬਰਸਾਤ ਦਾ ਪਾਣੀ ਨਹੀਂ ਨਿੱਕਲਦਾ ਸੀ। ਪਰੰਤੂ ਜ਼ੈਟ ਮਸ਼ੀਨ ਨਾਲ ਹਾਲੇ ਲਗਭਗ 20 ਪ੍ਰਤੀਸ਼ਤ ਹੀ ਸਫਾਈ ਹੋਈ ਹੈ ਅਤੇ ਹੁਣ ਮੀਂਹ ਦਾ ਪਾਣੀ ਕੇਵਲ ਦੋ-ਤਿੰਨ ਘੰਟੇ ਵਿੱਚ ਹੀ ਸਮਾਪਤ ਹੋ ਗਿਆ ਹੈ। ਇਸ ਨਾਲ ਜਿੱਥੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ ਹੈ, ਉਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਬਰਸਾਤੀ ਪਾਣੀ ਤੋਂ ਵੱਡੀ ਨਿਯਾਤ ਮਿਲਣੀ ਸ਼ੁਰੂ ਹੋ ਗਈ ਹੈ। ਬੀਬੀ ਮਾਣੂੰਕੇ ਨੇ ਦਾਅਵਾ ਕਰਦਿਆਂ ਆਖਿਆ ਕਿ ਸ਼ਹਿਰ ਵਾਸੀ ਵਿਰੋਧੀਆਂ ਦੀਆਂ ਚਾਲਾਂ ਤੇ ਅਫ਼ਵਾਹਾਂ ਤੋਂ ਸੁਚੇਤ ਹੋ ਕੇ ਉਹਨਾਂ ਨੂੰ ਕੁੱਝ ਸਮਾਂ ਦੇਣ ਅਤੇ ਉਹ ਸ਼ਹਿਰ ਦੀ ਹਾਲਤ ਸੁਧਾਰਨ ਲਈ ਕੋਈ ਕਸਰ ਨਹੀਂ ਛੱਡਣਗੇ ਅਤੇ ਨੁਹਾਰ ਬਦਲ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫ਼ੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਐਡਵੋਕੇਟ ਕਰਮ ਸਿੰਘ ਸਿੱਧੂ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ ਆਦਿ ਵੀ ਹਾਜ਼ਰ ਸਨ।