You are here

ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ 

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਨਾਨਕ ਸਿੰਘ ਦਾ ਨਾਂ ਹਮੇਸ਼ਾਂ ਹੀ ਸਤਿਕਾਰ ਨਾਲ਼ ਪੰਜਾਬੀ ਮਾਂ-ਬੋਲੀ ਦੇ ਲਾਡਲਿਆਂ ਵਿੱਚ ਮੋਹਰੀ ਰਹੇਗਾ ਹੀ ਰਹੇਗਾ। ਆਧੁਨਿਕ ਪੰਜਾਬੀ ਸਾਹਿਤ ਵਿੱਚ ਨਾਵਲ ਵਿਧਾ ਦੀ ਗੱਲ ਕਰਦਿਆਂ ਉਹਨਾਂ ਹਿੱਸੇ ਪਿਤਾਮਾ ਹੋਣ ਦਾ ਮਾਣ ਵੀ ਆਉਂਦਾ ਹੈ। 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਤੇ ਮਾਤਾ ਲੱਛਮੀ ਦੀ ਕੁੱਖੋਂ ਬਾਲ ਹੰਸ ਰਾਜ ਦਾ ਜਨਮ ਹੋਇਆ ਜੋ ਕਿ ਬਾਅਦ ਵਿੱਚ ਪਿਸ਼ਾਵਰ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਸਦਕਾ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ।  ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਇਸ ਸਮੇਂ ਦੌਰਾਨ ਨਿੱਕੀ ਉਮਰੇ ਹੀ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ, ਇਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਨਾ ਕਰ ਸਕੇ। ਉਹਨਾਂ ਨੇ ਹਾਲਾਤਾਂ ਨੂੰ ਹੰਢਾਉਂਦਿਆਂ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ਸਾਹਿਤ ਨਾਲ਼ ਮੋਹ ਤੇ ਉਹਨਾਂ ਦੀ ਕਲਮ ਨਾਲ਼ ਸਾਂਝ ਐਸੀ ਰਾਸ ਆਈ ਕਿ ਪੰਜਵੀਂ ਜਮਾਤ ਤੱਕ ਪੜ੍ਹੇ ਨਾਨਕ ਸਿੰਘ ਵੱਲੋਂ ਲਿਖੇ ਗਏ ਨਾਵਲ ਅੱਜ ਵੀ ਐੱਮ.ਏ ਅਤੇ ਪੀ.ਐਚ.ਡੀ ਦੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹਨ। ਉਨ੍ਹਾਂ ਦੀ ਤੁਲਨਾ ਕਾਲੀਦਾਸ, ਸ਼ੈਕਸਪੀਅਰ, ਟਾਲਸਟਾਏ, ਡਿਕਨਜ਼, ਟੈਗੋਰ ਅਤੇ ਬਰਨਾਰਡ ਸ਼ਾਅ ਵਰਗੇ ਮਹਾਨ ਸਾਹਿਤਕਾਰਾਂ ਨਾਲ ਕੀਤੀ ਜਾਂਦੀ ਹੈ।

ਸਾਹਿਤਕ ਸਫ਼ਰ:- ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਦੀ ਘਟਨਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ, ਜਿਸ ਦਾ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਨ੍ਹਾਂ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇਕ ਲੰਬੀ ਕਵਿਤਾ 'ਖ਼ੂਨੀ ਵਿਸਾਖੀ' ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ। ਨਾਨਕ ਸਿੰਘ ਦਾ ਪਹਿਲਾ ਕਾਵਿ-ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। 'ਸਤਿਗੁਰ ਮਹਿਮਾ' ਵਿੱਚ ਉਹਨਾਂ ਦੇ ਲਿਖੇ ਕੁਝ ਧਾਰਮਿਕ ਗੀਤ ਵੀ ਛਪੇ।  1922 ਵਿਚ ਇਹ ਗੁਰੂ ਕਾ ਬਾਗ਼ ਮੋਰਚੇ ਸਮੇਂ ਨਾਨਕ ਸਿੰਘ ਜੇਲ ਗਏ। ਇਸ ਸਮੇਂ ਉਨ੍ਹਾਂ ਨੇ ਅਪਣੀ ਦੂਜੀ ਕਾਵਿ ਪੁਸਤਕ 'ਜ਼ਖ਼ਮੀ ਦਿਲ' ਲਿਖੀ ਜੋ 1923 ਵਿੱਚ ਛਪੀ ਅਤੇ ਜਿਸ 'ਤੇ ਸਿਰਫ਼ ਦੋ ਹਫ਼ਤਿਆਂ ਬਾਅਦ ਹੀ ਪਾਬੰਦੀ ਲਾ ਦਿੱਤੀ ਗਈ। 1923 ਈ: ਵਿੱਚ ਨਾਨਕ ਸਿੰਘ ਨੇ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਵਿੱਚ ਖ਼ਾਲਸਾ ਪ੍ਰੈੱਸ ਚਾਲੂ ਕੀਤੀ ਪਰ ਇਹ ਨਾ ਚੱਲਣ ਕਰਕੇ ਵੇਚ ਦਿੱਤੀ ਗਈ। ਉਸ ਤੋਂ ਬਾਅਦ ਨਾਨਕ ਸਿੰਘ ਨੇ ‘ਨਾਨਕ ਸਿੰਘ ਪੁਸਤਕਾਲਾ’ ਖੋਲ੍ਹਿਆ ਤੇ ਲੋਕ ਸਾਹਿਤ’ ਨਾਂ ਦਾ ਮਾਸਿਕ ਰਸਾਲਾ ਵੀ ਕੱਢਿਆ।

ਨਾਵਲ ਯਾਤਰਾ:-ਸਾਹਿਤ ਦੀ ਵਿਧਾ ਨਾਵਲ ਬਾਰੇ ਗੱਲ ਚੱਲੇ ਤੇ ਨਾਨਕ ਸਿੰਘ ਦਾ ਨਾਂ ਅੱਗੇ ਆਉਣਾ ਸੁਭਾਵਿਕ ਹੈ। ਸੱਚਮੁੱਚ ਨਾਵਲ ਦੀ ਗੱਲ ਨਾਨਕ ਸਿੰਘ ਬਿਨਾ ਅਧੂਰੀ ਰਹੇਗੀ। ਨਾਵਲ ਦੇ ਪਿਤਾਮਾ ਹੋਣ ਦਾ ਮਾਣ ਵੀ ਨਾਨਕ ਸਿੰਘ ਦੇ ਹਿੱਸੇ ਹੀ ਤਾਂ ਆਇਆ ਹੈ। ਬੇਸ਼ੱਕ ਨਾਨਕ ਸਿੰਘ ਨੇ ਆਪਣੀ ਸਾਹਿਤਕ ਸ਼ੁਰੂਆਤ ਕਵੀਸ਼ਰੀ ਤੇ ਇੱਕ ਕਵੀ ਦੇ ਤੌਰ 'ਤੇ ਕੀਤੀ ਸੀ ਤੇ ਸਾਹਿਤ ਦੀਆਂ ਹੋਰ ਵਿਧਾਵਾਂ ਤੇ ਵੀ ਕਲਮ ਅਜ਼ਮਾਈ ਪਰ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਨਾਨਕ ਸਿੰਘ ਦੀ ਇੱਕ ਜੱਥੇ ਵਿੱਚ ਜਦੋਂ ਗ੍ਰਿਫ਼ਤਾਰੀ ਹੋਈ ਤਾਂ ਇਸ ਦੌਰਾਨ ਲਾਹੌਰ ਬੋਰਸਟਲ ਜੇਲ੍ਹ ਵਿੱਚ ਉਹਨਾਂ ਦਾ ਮੇਲ਼ ਜਗਨ ਨਾਥ ਨਾਂ ਦੇ ਆਦਮੀ ਨਾਲ਼ ਹੋਇਆ,ਜਿਨ੍ਹਾਂ ਕੋਲੋਂ ਉਹਨਾਂ ਨੂੰ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹਨ ਨੂੰ ਮਿਲੇ। ਨਾਵਲ ਪੜ੍ਹ ਕੇ ਨਾਨਕ ਸਿੰਘ ਦੇ ਮਨ ਵਿਚ ਵੀ ਖ਼ੁਦ ਨਾਵਲ ਲਿਖਣ ਦਾ ਖਿਆਲ ਆਇਆ। ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਨੇ ਇੱਕ ਤਰ੍ਹਾਂ ਨਾਲ਼ ਨਾਨਕ ਸਿੰਘ ਦੀ ਨਾਵਲ ਲਿਖਣ ਦੀ ਰੁਚੀ ਲਈ ਗੁੜ੍ਹਤੀ ਵਾਂਗ ਕੰਮ ਕੀਤਾ। ਨਾਨਕ ਸਿੰਘ ਨੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਦੇ ਆਧਾਰ ‘ਤੇ ਪਹਿਲਾ ਨਾਵਲ ‘ਅਧਖਿੜੀ ਕਲੀ’ ਲਿਖਿਆ ਪਰ ਜ਼ੇਲ੍ਹ ਅਧਿਕਾਰੀਆਂ ਦੁਆਰਾ ਤਲਾਸ਼ੀ ਦੌਰਾਨ ਇਸਦੇ ਖਰੜੇ ਨੂੰ ਵੀ ਜਬਤ ਕਰ ਲਿਆ ਗਿਆ।ਬਾਦ ਵਿੱਚ ਕਈ ਸਾਲਾਂ ਬਾਅਦ ਇਹੀ ਨਾਵਲ ਅੱਧ ਖਿੜਿਆ ਫੁੱਲ ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ। ਨਾਨਕ ਸਿੰਘ ਦਾ ਪਹਿਲਾ ਨਾਵਲ 'ਮਤਰੇਈ ਮਾਂ' ਪੰਜਾਬ ਖ਼ਾਲਸਾ ਬੁੱਕ ਡੀਪੂ ਅੰਮ੍ਰਿਤਸਰ ਵੱਲੋਂ 1924 ਵਿੱਚ ਛਪਿਆ। ਇਹ ਨਾਵਲ ਨਾਨਕ ਸਿੰਘ ਨੇ ਮੁਨਸ਼ੀ ਪ੍ਰੇਮ ਚੰਦ ਅਤੇ ਸ: ਚਰਨ ਸਿੰਘ ਸ਼ਹੀਦ ਦੀ ਪ੍ਰੇਰਨਾ ਸਦਕਾ ਹੀ ਲਿਖਿਆ।ਇਸ ਨਾਵਲ ਵਿੱਚ ਮਤਰੇਈ ਮਾਂ ਦੇ ਕਰੂਰ ਸੁਭਾਅ ਨੂੰ ਦਿਖਾਇਆ ਗਿਆ ਹੈ। ਇਸ ਸਮੇਂ ਹੀ ਇੱਕ ਹੋਰ ਨਾਵਲ 'ਕਾਲ ਚੱਕਰ' ਲਿਖਿਆ। ਇਸ ਵਿੱਚ 'ਨਸ਼ੇ ਦੀ ਆਦਤ ਤੇ ਬਾਹਰਲੇ ਵਿਆਕਤੀ ਦੀ ਦਖਲਅੰਦਾਜ਼ੀ ਨਾਲ਼ ਘਰ ਦੀ ਬਰਾਬਾਦੀ ਕਿਵੇਂ ਹੋ ਜਾਂਦੀ ਹੈ' ਨੂੰ ਵਿਸ਼ੇ ਦੇ ਤੌਰ 'ਤੇ ਲਿਆ ਗਿਆ ਹੈ। ਨਾਵਲ 'ਪ੍ਰੇਮ ਸੰਗੀਤ' ਵਿੱਚ ਵਿਆਹ ਮਗਰੋਂ ਦੂਜੀ ਔਰਤ ਨਾਲ਼ ਬਣੇ ਰਿਸ਼ਤੇ ਨਾਲ਼ ਆਉਂਦੀਆਂ ਪਰਿਵਾਰਕ ਘਰੇਲੂ ਸਮੱਸਿਆਵਾਂ ਨੂੰ ਲਿਆ ਗਿਆ ਹੈ। 1928 ਦੇ ਲਗਭਗ ਨਾਵਲ 'ਮਿੱਠਾ ਮਹੁਰਾ' ਲਿਖਿਆ ਗਿਆ। ਇਸ ਨਾਵਲ ਵਿੱਚ ਵਿੱਚ ਵੀ ਮਰਦ ਦੁਆਰਾ ਦੂਜਾ ਵਿਆਹ ਕਰਵਾਉਣ ਨਾਲ਼ ਘਰੇਲੂ ਮਾਹੌਲ ਦੀਆਂ ਸਮੱਸਿਆਵਾਂ ਨੂੰ ਲਿਆ ਗਿਆ ਹੈ। ਨਾਨਕ ਸਿੰਘ ਅਸਲ ਵਿੱਚ ਸਾਹਿਤਕ ਸਫ਼ਰ ਵਿੱਚ ਆਪਣੀ ਨਾਵਲ ਯਾਤਰਾ ਦੀ ਸ਼ੁਰੂਆਤ ਇਹਨਾਂ ਨਾਵਲਾਂ ਤੋਂ ਬਾਅਦ ਹੀ ਮੰਨਦਾ ਹੈ।ਇਹਨਾਂ ਨਾਵਲਾਂ ਦੀ ਚਰਚਾ ਕਰਦਿਆਂ ਖ਼ੁਦ ਨਾਨਕ ਸਿੰਘ ਆਪਣੇ ਉਪਰੋਕਤ ਨਾਵਲਾਂ ਨੂੰ 'ਮਸ਼ਕ ਦੀ ਪੱਟੀ' ਦੱਸਦਾ ਹੈ। 1932 ਵਿੱਚ ਆਇਆ ਨਾਵਲ 'ਚਿੱਟਾ ਲਹੂ' ਨਾਨਕ ਸਿੰਘ ਦੇ ਸ਼ਾਹਕਾਰ ਨਾਵਲਾਂ ਵਿੱਚੋਂ ਇੱਕ ਨਾਵਲ ਸੀ। ਨਾਵਲ ਵਿਚਲੇ ਪਾਤਰ ਬਚਨ ਸਿੰਘ ਤੇ ਸੁੰਦਰੀ ਤੋਂ ਇਲਾਵਾ ਬਾਕੀ ਸਾਰੇ ਪਾਤਰਾਂ ਦੇ ਲਹੂ ਨੂੰ ਨਾਨਕ ਸਿੰਘ ਨੇ ਚਿੱਟਾ ਹੁੰਦੇ ਦਿਖਾਇਆ ਹੈ।  "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਖ਼ੁਦ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।  ਸੰਸਾਰ ਪ੍ਰਸਿੱਧ ਲਿਖਾਰੀ 'ਲੀਓ ਟਾਲਸਟਾਏ' ਦੀ ਪੋਤਰੀ 'ਨਾਤਾਸ਼ਾ ਟਾਲਸਟਾਏ' ਨੇ ਉਹਨਾਂ ਦੇ ਨਾਵਲ 'ਚਿੱਟਾ ਲਹੂ' ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਪਹਿਲੀ ਵਾਰ ਇਸ ਰੂਸੀ ਤਰਜਮੇ ਦੀਆਂ 50,000 ਕਾਪੀਆਂ ਛਾਪੀਆਂ ਗਈਆਂ ਜੋ ਕਿ ਛਪਣ ਦੇ ਪਹਿਲੇ ਮਹੀਨੇ ਹੀ ਸਾਰੀਆਂ ਹੀ ਵਿਕ ਵੀ ਗਈਆਂ ਸਨ। ਇਸੇ ਨਾਵਲ 'ਚਿੱਟਾ ਲਹੂ' ਨੂੰ ਉਨ੍ਹਾਂ ਦੇ ਪੋਤੇ ਦਿਲਰਾਜ ਸਿੰਘ ਸੂਰੀ ਨੇ ਅੰਗਰੇਜ਼ੀ 'ਚ ਵੀ ਅਨੁਵਾਦ ਕੀਤਾ ਸੀ।  ਨਾਵਲ 'ਫੌਲਾਦੀ ਫੁੱਲ' ਅਨਜੋੜ ਵਿਆਹ ਦੀ ਸਮੱਸਿਆ ਪੇਸ਼ ਕਰਦਾ ਹੈ। 'ਕਾਗਤਾਂ ਦੀ ਬੇੜੀ' ਤੇ 'ਪਾਪ ਦੀ ਖੱਟੀ' ਨਾਵਲਾਂ ਵਿੱਚ ਨਿੱਜੀ ਲਾਲਸਾਵਾਂ ਕਾਰਨ ਨਿਕਲਦੇ ਮਾੜੇ ਨਤੀਜਿਆਂ ਬਾਰੇ ਦੱਸਿਆ ਗਿਆ ਹੈ। 1938 ਵਿੱਚ ਆਇਆ ਨਾਵਲ 'ਪਿਆਰ ਦੀ ਦੁਨੀਆਂ' ਵੱਖੋ-ਵੱਖ ਫਿਰਕਿਆਂ ਦੀ ਸਾਂਝ ਨਾਲ਼ ਸੰਬੰਧਿਤ ਨਾਵਲ ਹੈ। ਨਾਵਲ 'ਗਰੀਬ ਦੀ ਦੁਨੀਆਂ' ਵਿੱਚ ਮਾਲਕ ਤੇ ਮਜ਼ਦੂਰ ਦੇ ਵਿਰੋਧ ਦੀ ਟੱਕਰ ਨੂੰ ਆਪਸੀ ਸਾਂਝ ਵਿੱਚ ਬਦਲ ਕੇ ਨਾਨਕ ਸਿੰਘ ਨੇ ਸਮਾਜ ਸੁਧਾਰ ਦੇ ਥੀਮ ਨੂੰ ਪੇਸ਼ ਕੀਤਾ ਹੈ। 1942 ਵਿੱਚ ਆਇਆ ਨਾਵਲ 'ਪਵਿੱਤਰ ਪਾਪੀ' ਨਾਨਕ ਸਿੰਘ ਦਾ ਸਭ ਤੋਂ ਜ਼ਿਆਦਾ ਚਰਚਿਤ ਨਾਵਲ ਰਿਹਾ। ਇਸ ਨਾਵਲ ਵਿਚਲੇ ਪਾਤਰ 'ਕਿਦਾਰ' ਤੇ 'ਵੀਣਾ' ਰਾਹੀਂ ਨਾਨਕ ਸਿੰਘ ਨੇ ਇੱਕ ਪਾਸੇ ਪਿਆਰ ਦੇ ਭਾਵ ਤੇ ਦੂਜੇ ਪਾਸੇ ਸੰਸਕਾਰਾਂ ਦੇ ਪੱਖ ਬਾਰੇ ਆਪਣੇ ਨਾਵਲ ਵਿੱਚ ਵਿਸ਼ੇ ਦੇ ਤੌਰ 'ਤੇ ਲਿਆ ਹੈ। ਇਸ ਨਾਵਲ ਦੇ 25 ਤੋਂ ਵੱਧ ਐਡੀਸ਼ਨ ਛਪ ਚੁੱਕੇ ਹਨ ਅਤੇ ਇਹ ਕਈ ਹੋਰ ਭਾਸ਼ਾਵਾਂ 'ਚ ਅਨੁਵਾਦ ਵੀ ਹੋ ਚੁੱਕਾ ਹੈ। ਇਸ ਨਾਵਲ 'ਤੇ ਇੱਕ ਸਫ਼ਲ ਬਾਲੀਵੁੱਡ ਫ਼ਿਲਮ ਵੀ ਬਣ ਚੁੱਕੀ ਹੈ।  ਇਸ ਤੋਂ ਇਲਾਵਾ ਨਾਵਲ ਜੀਵਨ ਸੰਗਰਾਮ, ਧੁੰਦਲੇ ਪਰਛਾਵੇਂ, ਦੂਰ ਕਿਨਾਰਾ, ਲਵ ਮੈਰਿਜ ਆਦਿ ਸਮਾਜ ਦੀਆਂ ਵੱਖੋ-ਵੱਖ ਸਮੱਸਿਆਵਾਂ ਦੇ ਪੱਖ ਦੁਖਾਂਤ ਤੇ ਸੁਖਾਂਤ ਰੂਪ ਵਿੱਚ ਨਾਨਕ ਸਿੰਘ ਨੇ ਪੇਸ਼ ਕੀਤੇ ਹਨ।  'ਟੁੱਟੀ ਵੀਣਾ' ਤੇ 'ਗੰਗਾਜਲੀ ਵਿੱਚ ਸ਼ਰਾਬ' ਨਾਵਲ ਵਿੱਚ ਨਾਨਕ ਸਿੰਘ ਨੇ ਵੇਸਵਾਚਾਰੀ ਨਾਲ਼ ਸੰਬੰਧਿਤ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ। ਖ਼ੂਨ ਦੇ ਸੋਹਿਲੇ' ਤੇ 'ਅੱਗ ਦੀ ਖੇਡ' ਦੋਵੇਂ ਨਾਵਲ ਦੇਸ਼ ਵੰਡ ਕਾਰਨ ਪੈਦਾ ਹੋਈ ਸਮੱਸਿਆ ਦੀ ਪੇਸ਼ਕਾਰੀ ਕਰਦੇ ਹਨ। 'ਮੰਝਧਾਰ' ਨਾਵਲ ਵਿੱਚ ਉਜਾੜੇ ਕਾਰਨ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਸਮੱਸਿਆ ਤੇ 'ਚਿੱਤਰਕਾਰ' ਨਾਵਲ ਵਿੱਚ ਦੇਸ਼ ਵੰਡ ਮਗਰੋਂ ਬੇਰੁਜ਼ਗਾਰੀ ਦੇ ਮਾਹੌਲ ਨਾਲ਼ ਗ਼ਲਤ ਰਸਤੇ ਪਏ ਪਾਤਰ ਨੂੰ 'ਕਲਾ ਰਾਹੀਂ ਸੁਧਾਰ' ਦੇ ਰੂਪ ਵਿੱਚ ਪੇਸ਼ ਕੀਤਾ ਹੈ।  ਨਾਵਲ 'ਆਦਮਖੋਰ' ਸਮਾਜਵਾਦੀ ਭਾਵਨਾ ਸੰਬੰਧਿਤ,'ਕਟੀ ਹੋਈ ਪਤੰਗ' ਆਜ਼ਾਦੀ ਮਗਰੋਂ ਨਵੀਂ ਭਾਰਤੀ ਹਕੂਮਤ ਦੁਆਰਾ ਹੁੰਦੀ ਲੁੱਟ ਸੰਬੰਧਿਤ, 'ਸੁਮਨ ਕਾਂਤਾ' ਹੱਕਾਂ ਲਈ ਲੜਦੀ ਔਰਤ ਸੰਬੰਧਿਤ , 'ਨਾਸੂਰ' ਆਜ਼ਾਦੀ ਬਾਦ ਕਿਰਤੀ ਵਰਗ ਦੇ ਹੰਢਾਏ ਸੰਤਾਪ ਸੰਬੰਧਿਤ, 'ਸੰਗਮ' ਆਜ਼ਾਦੀ ਬਾਦ ਭਾਰਤੀ ਪ੍ਰਬੰਧਕ ਢਾਂਚੇ ਦੀ ਆਈ ਗਿਰਾਵਟ ਸੰਬੰਧਿਤ, 'ਬੰਜਰ' ਪੰਜਾਬੀ ਸੂਬੇ ਦੀ ਮੰਗ ਤੇ ਵਿਰੋਧ ਸੰਬੰਧਿਤ, 'ਆਸਤਕ ਨਾਸਤਕ' ਧਰਮੀ ਜਾਂ ਅਧਰਮੀ ਹੋਣ ਦੇ ਬਾਹਰੀ ਦਿਖਾਵੇ ਤੇ ਚੋਟ ਸੰਬੰਧਿਤ, 'ਪੁਜਾਰੀ' ਪੰਜਾਬ ਪੁਨਰਗਠਨ ਲਹਿਰ ਦੇ ਹਾਲਾਤਾਂ ਨਾਲ਼ ਸੰਬੰਧਿਤ 'ਛਲਾਵਾ' ਚੰਗੇ ਚਰਿੱਤਰ ਤੇ ਮਾੜੇ ਚਰਿੱਤਰ ਨਾਲ਼ ਸੰਬੰਧਿਤ,'ਅਣਸੀਤੇ ਜ਼ਖ਼ਮ' ਮੱਧ ਪ੍ਰਦੇਸ਼ ਦੇ ਜ਼ਿਮੀਂਦਾਰਾਂ ਤੇ ਕਿਸਾਨਾਂ ਦੀ ਜੱਦੋ-ਜਹਿਦ ਨਾਲ਼ ਸੰਬੰਧਿਤ, 'ਪੱਥਰ ਦੇ ਖੰਭ' ਭਾਰਤੀ ਨਾਰੀ ਦੀ ਸਵੈ ਸ਼ਕਤੀ ਨਾਲ਼ ਸੰਬੰਧਿਤ ਨਾਵਲ ਹੈ।  ਨਾਵਲ 'ਇੱਕ ਮਿਆਨ ਦੋ ਤਲਵਾਰਾਂ' ਗ਼ਦਰ ਲਹਿਰ ਦੇ ਗ਼ਦਰੀਆਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਲਿਖਿਆ ਇੱਕ ਇਤਿਹਾਸਕ ਤੇ ਰਾਜਸੀ ਨਾਵਲ ਹੈ। ਨਾਨਕ ਸਿੰਘ ਦੇ ਇਸ ਨਾਵਲ 'ਇਕ ਮਿਆਨ ਦੋ ਤਲਵਾਰਾਂ' ਦੀ ਟਾਲਸਟਾਏ ਦੇ ਮਸ਼ਹੂਰ ਨਾਵਲ 'ਵਾਰ ਐਂਡ ਪੀਸ' ਨਾਲ ਤੁਲਨਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਅਪਣੇ ਨਾਵਲ ਇਸ ਨਾਵਲ 'ਇਕ ਮਿਆਨ ਦੋ ਤਲਵਾਰਾਂ' ਲਈ 1961 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਿੱਲੀ ਵੀ ਮਿਲ਼ਿਆ।  ਇਸ ਤਰ੍ਹਾਂ ਨਾਨਕ ਸਿੰਘ ਆਪਣੀ ਨਾਵਲ ਯਾਤਰਾ 'ਅੱਗੇ ਵਰ ਨਹੀਂ ਸਰਾਪ', 'ਕੋਈ ਹਰਿਆ ਬੂਟ ਰਹਿਓ ਰੀ', 'ਸਰਾਪੀਆਂ ਰੂਹਾਂ' ਲਿਖਦੇ ਹੋਏ, ਅਖ਼ੀਰਲੇ ਨਾਵਲ 'ਗਗਨ ਦਮਾਮਾ ਬਾਜਿਆ' ਜੋ ਕਿ ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋਂ 1967 ਵਿੱਚ ਛਾਪਿਆ ਗਿਆ ਤੱਕ ਆਪਣਾ ਸਾਹਿਤਕ ਸਫ਼ਰ ਤੈਅ ਕਰਦੇ ਹਨ। 'ਗਗਨ ਦਮਾਮਾ ਬਾਜਿਆ' ਨਾਵਲ ਵਿੱਚ ਇੱਕ ਜ਼ਿੱਦੀ ਬੱਚੇ ਤੋਂ ਜਿੰਮੇਵਾਰ ਸੈਨਿਕ ਬਣਨ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। ਇਹ ਨਾਵਲ 1965 ਦੀ ਹਿੰਦ-ਪਾਕਿ ਜੰਗ ਦੇ ਪਿਛੋਕੜ ਵਿਚ ਲਿਖੀ ਇਕ ਪ੍ਰੀਤ ਕਹਾਣੀ ਹੈ। ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਪੰਜਾਬੀ ਨਾਵਲ ਲਿਖਣ 'ਚ ਨਾਨਕ ਸਿੰਘ ਵਰਗਾ ਕੋਈ ਨਹੀਂ ਹੋਇਆ। ਨਾਨਕ ਸਿੰਘ ਦੀ ਉਚਾਈ ਤੱਕ ਕੋਈ ਪੰਜਾਬੀ ਲੇਖਕ ਨਹੀਂ ਪਹੁੰਚ ਸਕਿਆ। ਪੰਜਾਬੀ ਸਾਹਿਤ ਵਿੱਚ ਇਹ ਇੱਕ ਕਥਨ ਬਣ ਚੁੱਕਿਆ ਹੈ ਕਿ ਜੋ ਵੀ ਪਾਠਕ ਨਾਨਕ ਸਿੰਘ ਦੇ ਨਾਵਲਾਂ ਨੂੰ ਪੜ੍ਹਨ ਬੈਠ ਜਾਂਦਾ ਹੈ,ਉਹ ਸਾਹ ਵੀ ਲੈਣਾ ਵੀ ਭੁੱਲ ਜਾਂਦਾ ਹੈ। ਨਾਨਕ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਲੱਗਪਗ ਅਠੱਤੀ ਨਾਵਲ,ਨੌ ਕਹਾਣੀ ਸੰਗ੍ਰਹਿ,ਚਾਰ ਨਾਟਕ,ਮੇਰੀ ਦੁਨੀਆ (ਸਵੈ-ਜੀਵਨੀ),ਸੱਤ ਪੁਸਤਕਾਂ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ। 

ਮਾਣ-ਸਨਮਾਨ:- ਨਾਨਕ ਸਿੰਘ ਨੂੰ ਮਹਿਕਮਾ ਪੰਜਾਬੀ ਪਟਿਆਲਾ ਵੱਲੋਂ 1952 ਵਿੱਚ ਤੇ 1961 ਵਿੱਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਉਹਨਾਂ ਦੇ ਨਾਂ ਦੀ ਡਾਕ ਟਿਕਟ ਵੀ ਜਾਰੀ ਕੀਤੀ। ਪ੍ਰੀਤ ਨਗਰ ਵਿੱਚ ਰਹਿੰਦਿਆਂ 28 ਦਸੰਬਰ 1971 ਦਾ ਦਿਨ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਨਾਨਕ ਸਿੰਘ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ। ਪੰਜਾਬੀ ਸਾਹਿਤ ਵਿੱਚ ਨਾਵਲਕਾਰੀ ਦਾ ਸ਼ਾਹ ਅਸਵਾਰ ਨਾਨਕ ਸਿੰਘ ਹਮੇਸ਼ਾ ਹੀ ਧਰੂ ਤਾਰੇ ਵਾਂਗ ਚਮਕਦਾ ਰਹੇਗਾ। 

 

ਸ.ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ