You are here

 "ਪਾਣੀ ਦੀ ਕੀਮਤ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਿੰਨੀ ਕਹਾਣੀ

ਜਿਉਂ ਹੀ ਡੌਲੀ ਪੋਤਰੀ ਨੇ ਸਵੇਰੇ ਸਵੇਰੇ ਬੁਰਸ਼ ਕਰਨ ਲਈ ਟੂਟੀ ਤੋਂ ਪਾਣੀ ਛੱਡਿਆ,ਮੇਰੀ ਨਿਗਾਹ ਓਹਦੇ ਤੇ ਜਾ ਪਈ ਪਹਿਲਾਂ ਓਹਨੇ ਟੂਟੀ ਛੱਡੀ, ਫਿਰ ਬੁਰਸ਼ ਚੱਕਿਆ ਫਿਰ ਪੇਸਟ ਲਾਈ ਤੇ ਹੌਲੀ ਹੌਲੀ ਬੁਰਸ਼ ਕਰਨ ਲੱਗੀ ਪਰ ਟੂਟੀ ਲਗਾਤਾਰ ਚੱਲ ਰਹੀ ਸੀ। ਮੈਂ ਉੱਠ ਕੇ ਟੂਟੀ ਬੰਦ ਕੀਤੀ ਤੇ ਬੜੇ ਪਿਆਰ ਨਾਲ ਕਿਹਾ ਕਿ ਬੇਟੇ ਪਾਣੀ ਟੂਟੀ ਵਿੱਚੋਂ ਓਦੋਂ ਛੱਡੋ ਜਦੋਂ ਲੋੜ ਹੋਵੇ ਤੇ ਛੱਡੋ ਵੀ ਲੋੜ ਮੁਤਾਬਿਕ ਕਿਉਂਕਿ ਦਿਨੋਂ ਦਿਨ ਪਾਣੀ ਦੀ ਕਮੀ ਹੋ ਰਹੀ ਹੈ ਪੁੱਤਰ। ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ, ਬਹੁਤ ਸਾਰੇ ਐਸੇ ਲੋਕ ਹਨ ਜਿਨ੍ਹਾਂ ਨੂੰ ਪਾਣੀ ਬਹੁਤ ਔਖਾ ਨਸੀਬ ਹੁੰਦਾ ਹੈ ਤੇ ਪਾਣੀ ਲੈਣ ਲਈ ਬਹੁਤ ਦੂਰ ਜਾਣਾ ਪੈਂਦਾ ਹੈ, ਜੇਕਰ ਸੰਜਮ ਨਾਲ ਵਰਤਾਂਗੇ ਤਾਂ ਹੀ ਚੰਗੀ ਗੱਲ ਹੈ।ਪਰ ਡੌਲੀ ਰੋਂਦੀ ਰੋਂਦੀ ਆਪਣੀ ਮਾਂ ਕੋਲ ਚਲੀ ਗਈ ਤੇ ਕਹਿਣ ਲੱਗੀ ਮੰਮੀ ਦਾਦੂ ਬੁਰਸ਼ ਨਹੀਂ ਕਰਨ ਦਿੰਦੇ। ਨੂੰਹ ਨੇ ਵੀ ਮੇਰੇ ਵੱਲ ਕੌੜੀ ਨਿਗਾਹ ਨਾਲ ਦੇਖਿਆ ਤੇ ਕਹਿਣ ਲੱਗੀ ਡੈਡੀ ਕਿਉਂ ਝਿੜਕਦੇ ਹੋਂ ਬੱਚਿਆਂ ਨੂੰ ਆਪਣੀ ਬੱਚਤ ਕਰਨ ਨਾਲ ਕਿੰਨੀ ਕੁ ਬੱਚਤ ਹੋਵੇਗੀ ਪਾਣੀ ਦੀ। ਗਵਾਂਢੀ ਵੇਖੋ ਜਿਉਂ ਘੰਟੇ ਦੇ ਕਾਰ ਧੋਣ ਲੱਗੇ ਨੇ ਓਹਨਾਂ ਨੂੰ ਹਟਾਓ। ਪੁੱਤਰ ਆਪਾਂ ਆਪਣੇ ਘਰ ਤੋਂ ਬੱਚਤ ਸ਼ੁਰੂ ਕਰੀਏ ਤਾਂ ਹੀ ਆਪਾਂ ਦੂਜਿਆਂ ਨੂੰ ਕਹਿ ਸਕਦੇ ਹਾਂ,ਪਾਣੀ ਦੀ ਕੀ ਕੀਮਤ ਹੈ ਇਹ ਓਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਦੂਰੋਂ ਪੀਣ ਲਈ ਪਾਣੀ ਲਿਆਉਣਾ ਪੈਂਦਾ ਹੈ।ਪਰ ਨੂੰਹ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੋਇਆ ਉਸ ਨੇ ਪਹਿਲਾਂ ਤੋਂ ਵੀ ਜ਼ਿਆਦਾ ਟੂਟੀ ਤੋਂ ਪਾਣੀ ਖੋਲਿਆ ਤੇ ਡੌਲੀ ਨੂੰ ਕਹਿੰਦੀ ਲੈ ਪੁੱਤ ਕਰ ਲੈ ਬੁਰਸ਼, ਮੈਥੋਂ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਬਿਨਾਂ ਚਾਹ ਪੀਤਿਆਂ ਹੀ ਮੈਂ ਘਰੋਂ ਬਾਹਰ ਨਿਕਲ ਗਿਆ, ਤੇ ਦਿਲ ਹੀ ਦਿਲ ਸੋਚਣ ਲੱਗਾ ਕਿ ਕੌਣ ਲੱਗਦਾ ਹੈ ਹੁਣ ਬੁੜ੍ਹਿਆਂ ਦੇ ਆਖੇ? ਜਦੋਂ ਦੁੱਖਣ ਲੱਗੀਆਂ ਓਦੋਂ ਹੀ ਪੱਟੀਆਂ ਬੰਨਣਗੇ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556a