ਲੜੀ ਨੰਬਰ.1
1200ਈ. ਦੇ ਲਗਭਗ ਰਿਗਵੈਦਿਕ ਕਾਲ ਦੀ ਸਮਾਪਤੀ ਹੋ ਗਈ ਅਤੇ ਉੱਤਰ ਵੈਦਿਕ ਕਾਲ ਆਰੰਭ ਹੋਇਆ।ਇਸ ਕਾਲ ਵਿੱਚ ਆਰੀਆ ਨੇ ਵੇਦਾਂ, ਬ੍ਰਾਹਮਣ ਗ੍ਰੰਥਾਂ, ਉਪਨਿਸ਼ਦ ਆਦਿ ਕਈ ਗ੍ਰੰਥਾਂ ਦੀ ਰਚਨਾ ਹੋਈ ਜਿਸਨੇ ਲੋਕਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਜੀਵਨ ਵਿੱਚ ਤਬਦੀਲੀਆਂ ਕੀਤੀਆਂ।ਇਹ ਕਾਲ ਰਿਗਵੈਦਿਕ ਕਾਲ ਨਾਲੋਂ ਜਿਆਦਾ ਉੱਨਤ ਹੋਇਆ।
ਵੇਦ ਵੈਦਿਕ ਸਾਹਿਤ ਦਾ ਸਭ ਤੋਂ ਵੱਡਾ ਅੰਗ ਵੇਦ ਸਨ। ਜਿਨ੍ਹਾਂ ਦੀ ਗਿਣਤੀ ਚਾਰ ਸੀ- ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ ਆਦਿ। ਇਨ੍ਹਾਂ ਨੂੰ ਸੰਹਿਤਾ ਵੀ ਕਿਹਾ ਜਾਂਦਾ ਸੀ। ਵੇਦ ਦਾ ਅਰਥ ਗਿਆਨ। ਇਨ੍ਹਾਂ ਤੋਂ ਸਾਨੂੰ ਪ੍ਰਾਚੀਨ ਸਮੇਂ ਦੀ ਕਾਫ਼ੀ ਜਾਣਕਾਰੀ ਮਿਲਦੀ ਹੈ।ਵੇਦ ਹਿੰਦੂਆਂ ਦੇ ਪਵਿੱਤਰ ਗ੍ਰੰਥ ਮੰਨੇ ਜਾਂਦੇ ਸਨ। ਇਨ੍ਹਾਂ ਨੂੰ ਸੰਸਕ੍ਰਿਤ ਸਾਹਿਤ ਦੀ ਜਨਨੀ ਵੀ ਕਿਹਾ ਜਾਂਦਾ ਹੈ ਅਤੇ ਹਿੰਦੂ ਸਮਾਜ ਦੀ ਆਤਮਾ ਕਿਹਾ ਜਾਂਦਾ ਹੈ।
ਬ੍ਰਾਹਮਣ ਗ੍ਰੰਥ ਇਨ੍ਹਾਂ ਗ੍ਰੰਥਾਂ ਦੀ ਰਚਨਾ ਵੇਦਾਂ ਤੋਂ ਬਾਅਦ ਹੋਈ। ਇਨ੍ਹਾਂ ਵਿੱਚ ਯੱਗਾਂ ਦੇ ਕਰਮਕਾਂਡ ਅਤੇ ਰਾਜਿਆ ਤੇ ਰਿਸ਼ੀਆਂ ਦੀਆ ਕਥਾਵਾਂ ਸਨ।ਹਰ ਇਕ ਵੇਦ ਦੇ ਆਪਣੇ ਆਪਣੇ ਬ੍ਰਾਹਮਣ ਸਨ। ਬ੍ਰਾਹਮਣਾਂ ਦੇ ਅਧਿਐਨ ਤੋਂ ਸਾਨੂੰ ਨਾ ਸਿਰਫ ਯੱਗਾਂ ਦੀ ਵਿਧੀ ਬਾਰੇ ਸਗੋਂ ਸਮਕਾਲੀ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਹੈ। ਬ੍ਰਾਹਮਣ ਗ੍ਰੰਥ ਕਰੂ - ਪੰਚਾਲ ਆਰੀਆ ਸੰਸਕ੍ਰਿਤੀ ਉੱਤੇ ਬਹੁਮੁੱਲਾ ਚਾਨਣ ਪਾਉਂਦੇ ਸਨ।
ਉਪਨਿਸ਼ਦ ਉਪਨਿਸ਼ਦ ਅਧਿਆਤਮਕ ਵਿਦਿਆ ਸਬੰਧੀ ਪੁਸਤਕਾਂ ਸਨ। ਇਨ੍ਹਾਂ ਵਿੱਚ ਜੀਵ ਸ਼੍ਰਿਸ਼ਟੀ ਅਤੇ ਰੱਬ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਸਨ।ਇਹ ਗਿਆਨ ਪ੍ਰਧਾਨ ਗ੍ਰੰਥ ਸਨ। ਇਨ੍ਹਾਂ ਦੀ ਗਿਣਤੀ 108ਦੇ ਲਗਭਗ ਹੈ। ਇਨ੍ਹਾਂ ਵਿੱਚ ਉੱਚ ਕੋਟੀ ਦੇ ਦਾਰਸ਼ਨਿਕ ਵਿਚਾਰ ਦਿੱਤੇ ਗਏ ਸਨ।
ਸੂਤਰ ਗ੍ਰੰਥ ਇਨ੍ਹਾਂ ਗ੍ਰੰਥਾਂ ਵਿੱਚ ਵਾਕ ਛੋਟੇ ਸਨ ਪਰ ਅਰਥ ਅਤੇ ਭਾਵ ਉੱਚੇ ਪ੍ਰਗਟ ਹੁੰਦੇ ਸਨ।ਇਸਦੇ ਚਾਰ ਭਾਗ ਸਨ - ਸ੍ਰੋਤ ਸੂਤਰ, ਗ੍ਰਹਿ ਸੂਤਰ, ਧਰਮ ਸੂਤਰ ਅਤੇ ਸ਼ੁਲਵ ਸੂਤਰ ਆਦਿ।
ਵੇਦਾਂਗ ਵੇਦਾਂ ਦੇ ਅਰਥਾਂ ਨੂੰ ਸਮਝਣ ਅਤੇ ਸਪੱਸ਼ਟ ਕਰਨ ਲਈ ਅਨੇਕ ਸੂਤਰ ਲਿਖੇ ਗਏ ਜੋ ਵੇਦਾਂਗ ਨਾਂ ਨਾਲ ਪ੍ਰਸਿੱਧ ਹੋਏ। ਵੇਦਾਂਗਾ ਦੀ ਗਿਣਤੀ ਛੇ ਸੀ - ਛੰਦ, ਸ਼ਿਕਸ਼ਾ, ਵਿਆਕਰਨ, ਨਿਰੁਕਤ, ਕਲਪ ਅਤੇ ਜੋਤਿਸ਼ ਆਦਿ। ਵਿਆਕਰਣ ਨੂੰ ਵੇਦਾਂ ਦਾ ਮੂੰਹ ਕਿਹਾ ਜਾਂਦਾ ਹੈ, ਜੋਤਿਸ਼ ਨੂੰ ਨੇਤਰ, ਨਿਰੁਕਤ ਨੂੰ ਕੰਨ, ਕਲਪ ਨੂੰ ਹੱਥ, ਸਿੱਖਿਆ ਨੂੰ ਨੱਕ ਅਤੇ ਛੰਦ ਨੂੰ ਪੈਰ ਆਦਿ।
ਦਰਸ਼ਨ ਸ਼ਾਸ਼ਤਰ ਇਸ ਅਧਿਆਤਮਕ ਗਿਆਨ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ- ਕਪਿਲ ਦਾ ਸਾਂਖਯ ਸ਼ਾਸ਼ਤਰ, ਪਤੰਜਲੀ ਦਾ ਯੋਗ ਸ਼ਾਸ਼ਤਰ, ਗੌਤਮ ਦਾ ਨਿਆਇ ਸ਼ਾਸ਼ਤਰ, ਕਣਾਦ ਦਾ ਵੈਸ਼ੇਸ਼ਿਕ ਸ਼ਾਸ਼ਤਰ, ਜੈਮਨੀ ਦਾ ਪੂਰਵ ਮੀਮਾਂਸਾ ਅਤੇ ਵਿਆਸ ਦਾ ਉਤੱਰ ਮੀਮਾਂਸਾ ਆਦਿ।ਇਹ ਸਭ ਵਿਦਵਾਨ ਵੇਦਾਂ ਨੂੰ ਆਪਣੇ ਸਿਧਾਤਾਂ ਦਾ ਮੂਲ ਆਧਾਰ ਮੰਨਦੇ ਸਨ।
ਪੁਰਾਣ ਇਹ ਹਿੰਦੂਆਂ ਦੇ ਪ੍ਰਾਚੀਨ ਗ੍ਰੰਥ ਸਨ। ਜਿਨ੍ਹਾਂ ਦੀ ਗਿਣਤੀ 18ਹੈ।ਪਰ ਇਨ੍ਹਾਂ ਵਿਚੋਂ ਮਤਸਯ, ਵਾਯੂ, ਬ੍ਰਹਮ, ਵਿਸ਼ਨੂੰ, ਗਰੁੜ, ਮਾਰਕੰਡੇਯ ਅਤੇ ਭਾਗਵਤ ਵਿਸ਼ੇਸ਼ ਰੂਪ ਵਿੱਚ ਉਪਯੋਗੀ ਸਨ। ਇਨ੍ਹਾਂ ਤੋਂ ਸਾਨੂੰ ਪ੍ਰਾਚੀਨ ਸਮੇਂ ਦੀ ਕਾਫ਼ੀ ਜਾਣਕਾਰੀ ਮਿਲਦੀ ਹੈ।ਇਸ ਤੋਂ ਇਲਾਵਾ ਇਨ੍ਹਾਂ ਵਿੱਚ ਸੰਸਾਰ ਦੀ ਉਤਪੱਤੀ, ਦੇਵਤਿਆਂ ਅਤੇ ਉਸ ਸਮੇਂ ਦੇ ਰਾਜ ਵੰਸ਼ ਬਾਰੇ ਬਿਰਤਾਂਤ ਦਿੱਤਾ ਗਿਆ ਹੈ।
ਮਹਾਂਕਾਵਿ- ਰਾਮਾਇਣ ਅਤੇ ਮਹਾਂਭਾਰਤ ਵੈਦਿਕ ਕਾਲ ਵਿੱਚ ਰਚੇ ਗਏ ਦੋ ਪ੍ਰਸਿੱਧ ਮਹਾਂਕਾਵਿ ਵਿਸ਼ਾਲ ਆਕਾਰ ਵਾਲੇ ਸਨ। ਇਨ੍ਹਾਂ ਤੋਂ ਸਾਨੂੰ ਪ੍ਰਾਚੀਨ ਸਮੇਂ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।
ਰਾਮਾਇਣ ਦੀ ਰਚਨਾ ਮਹਾਂਰਿਸ਼ੀ ਬਾਲਮੀਕੀ ਨੇ ਕੀਤੀ। ਇਸ ਵਿੱਚ 48000 ਪੰਕਤੀਆਂ ਅਤੇ 24000ਸ਼ਲੋਕ ਸਨ। ਇਸਤੋਂ ਸਾਨੂੰ ਮਹਾਰਾਜਾ ਰਾਮ ਚੰਦਰ ਜੀ ਦੇ ਜੀਵਨ ਬਾਰੇ, ਵਿਆਹ, ਬਣਵਾਸ, ਰਾਵਣ ਨਾਲ ਯੁੱਧ ਆਦਿ ਬਾਰੇ ਜਾਣਕਾਰੀ ਮਿਲਦੀ ਹੈ।
ਮਹਾਂਭਾਰਤ ਇਹ ਰਾਮਾਇਣ ਤੋਂ ਵੀ ਵੱਡਾ ਮਹਾਂਕਾਵਿ ਹੈ।ਇਸਦੀ ਰਚਨਾ ਰਿਸ਼ੀ ਵੇਦ ਵਿਆਸ ਜੀ ਨੇ ਕੀਤੀ। ਇਸ ਵਿੱਚ ਇਕ ਲੱਖ ਤੋਂ ਵੀ ਵੱਧ ਸ਼ਲੋਕ ਸਨ।ਇਸ ਨੂੰ 18 ਅਧਿਆਇਆ ਵਿੱਚ ਵੰਡਿਆ ਗਿਆ ਹੈ।ਇਸ ਤੋਂ ਸਾਨੂੰ ਕੌਰਵਾਂ ਅਤੇ ਪਾਂਡਵਾ ਦੇ ਯੁੱਧ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਕ੍ਰਿਸ਼ਨ ਜੀ ਨੇ ਜੋ ਗਿਆਨ ਅਰਜੁਨ ਨੂੰ ਦਿੱਤਾ ਸੀ ਉਸ ਬਾਰੇ ਵੀ ਜਾਣਕਾਰੀ ਮਿਲਦੀ ਹੈ।
(ਬਾਕੀ ਵੇਰਵਾ ਅਗਲੇ ਅੰਕ ਵਿੱਚ)
ਪੂਜਾ 9815591967