ਮੂਲੀ ਵਾਂਗਰਾਂ ਬੰਦੇ ਨੂੰ ਵੱਢ ਦੇਵਣ,
ਚੱਲ ਪਈ ਹੈ ਕੈਸੀ ਇਹ ਰੀਤ ਰੱਬਾ।
ਅੱਜਕਲ੍ਹ ਤਾਂ ਸਕੇ ਸੰਬੰਧੀਆਂ ਦੀ,
ਨਹੀਂਓਂ ਰਹੀ ਹੈ ਕੋਈ ਪ੍ਰਤੀਤ ਰੱਬਾ। ਬਰਦਾਸ਼ਤ ਪੁਣਾ ਹੈ ਸੱਭ ਚੋਂ ਖਤਮ ਹੋਇਆ,
ਹੋਈ ਆਪਣਿਆਂ ਦੀ ਮਾੜੀ ਹੈ ਨੀਤ ਰੱਬਾ।
ਬੰਨ੍ਹੀ ਫਿਰਦੇ ਨੇ ਕਿਲੋ ਕਿਲੋ ਲੂਣ ਪੱਲੇ,
ਸਮਾਈ ਵਾਲੀ ਨਾ ਕਿਸੇ ਕੋਲ ਟੀਸ ਰੱਬਾ।
ਮਾੜਾ ਆਪ ਹੋਵੇ ਤਾਂ ਮਾੜੇ ਹੀ ਸੱਭ ਦਿਸਦੇ,
ਚੰਗਿਆਂ ਕੰਮਾਂ ਦੀ ਕਰਨ ਨਾ ਰੀਸ ਰੱਬਾ।
ਰੋਟੀ ਖਾਂਦਿਆਂ ਵੇਖ ਨਾ ਕੋਈ ਰਾਜ਼ੀ, ਜ਼ਿਆਦਿਆਂ ਹੋ ਗਈ ਹੈ ਮਿੱਟੀ ਪਲੀਤ ਰੱਬਾ।
ਵੰਡੀਆਂ ਪਾ ਪਾ ਧਰਮ ਬਣਾ ਲਏ ਨੇ,
ਗੁਰੂ ਘਰ,ਗਿਰਜੇ ਤੇ ਮੰਦਰ ਮਸੀਤ ਰੱਬਾ।
ਓਨਾਂ ਅੰਦਰੋਂ ਵੀ ਨਹੀ ਕੁੱਝ ਸਿਖਿਆ ਹੈ,
ਸਰਬ ਧਰਮ ਦੇ ਗਾਉਣ ਨਾ ਗੀਤ ਰੱਬਾ।
ਮੇਰੇ ਮਾਲਿਕਾ ਤੂੰ ਦੇਵੀਂ ਸੁਮੱਤ ਆ ਕੇ,
ਆ ਜਾਏ ਰਹਿਣ ਦਾ ਜੇਕਰ ਸਾਨੂੰ ਚੱਜ ਕੋਈ।
ਦੱਦਾਹੂਰੀਆ ਦੋਵੇਂ ਹੱਥ ਜੋੜ ਕਰਦਾ ਬੇਨਤੀ ਹੈ,
ਉਂਝ ਇਥੇ ਰਹਿਣ ਦਾ ਨਹੀ ਹੈ ਹੱਜ ਕੋਈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556