ਲੁਧਿਆਣਾ , 17 ਅਗਸਤ ( ਟੀ. ਕੇ. ) ਦੇਸ਼ ਦੀ 76 ਵੀਂ ਆਜ਼ਾਦੀ ਵਰ੍ਹੇ ਗੰਢ ਮੌਕੇ ਨੌਜਵਾਨ ਸਭਾ ਬੀ ਅਰ ਐਸ ਨਗਰ (ਐਲ ਬਲਾਕ) ਵੱਲੋਂ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਦੇ ਸਹਿਯੋਗ ਨਾਲ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਬੂਟਾ ਸਿੰਘ , ਜਸਵੰਤ ਜੀਰਖ ਅਤੇ ਰਾਕੇਸ਼ ਆਜ਼ਾਦ ਵੱਲੋਂ ਕੀਤੀ ਗਈ। ਸੈਮੀਨਾਰ ਦੇ ਵਿਸ਼ੇ “ਭਾਰਤ ਅੰਦਰ ਫਾਸੀਵਾਦੀ ਉਭਾਰ ਅਤੇ ਆਜ਼ਾਦੀ “ ਤੇ ਬੋਲਦਿਆਂ ਮੁੱਖ ਬੁਲਾਰੇ ਅਤੇ ਜਮਹੂਰੀ ਹੱਕਾਂ ਦੇ ਉੱਘੇ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਸਪਸਟ ਕੀਤਾ ਕਿ 1947 ਵਿੱਚ ਸਿਰਫ ਸੱਤ੍ਹਾ ਤਬਦੀਲੀ ਹੋਈ ਹੈ,ਜਿਸਨੂੰ ਆਜ਼ਾਦੀ ਦਾ ਨਾਂ ਦਿੱਤਾ ਗਿਆ। ਜਿਸ ਦੇ ਆਣ ਤੇ ਲੱਖਾਂ ਬੇਕਸੂਰ ਲੋਕਾਂ ਦੇ ਕਤਲ , ਔਰਤਾਂ ਦੀਆਂ ਬੇਪੱਤੀਆਂ, ਬਲਾਤਕਾਰ ਅਤੇ ਕਰੋੜਾਂ ਲੋਕ ਘਰੋਂ ਬੇਘਰ ਹੋਣ ਸਮੇਤ ਅਰਬਾਂ ਦੀ ਪ੍ਰਾਪਰਟੀ ਤਹਿਸ ਨਹਿਸ ਹੋਈ ਹੋਵੇ, ਉਸ ਨੂੰ ਆਜ਼ਾਦੀ ਦਾ ਨਾਂ ਦੇ ਕੇ ਕਿਸ ਅਧਾਰ ਤੇ ਖੁਸ਼ੀ ਮਨਾਈ ਜਾਂਦੀ ਹੈ ? ਸੰਸਾਰ ਜੰਗ ਦੌਰਾਨ ਅੰਗਰੇਜ਼ਾਂ ਦੀ ਵਿੱਤੀ ਹਾਲਤ ਪਤਲੀ ਪੈਣਾਂ, ਭਾਰਤ ਵਿੱਚ ਇਨਕਲਾਬੀ ਉਭਾਰ ਦਾ ਉੱਠਣਾ ਅੰਗਰੇਜ਼ਾਂ ਲਈ ਖਤਰੇ ਦੀ ਘੰਟੀ ਸੀ ਜਿਸ ਕਰਕੇ ਉਹਨਾਂ ਵੱਲੋਂ ਭਾਰਤੀ ਵਿਸ਼ਵਾਸ ਪਾਤਰਾਂ ਕੋਲ ਕੁੱਝ ਸਮਝੌਤਿਆਂ ਅਧੀਨ ਸੱਤ੍ਹਾ ਸੌਂਪ ਦਿੱਤੀ ਗਈ। ਇਸ ਸੱਤ੍ਹਾ ਤਬਦੀਲੀ ਦੀ , ਸੱਤ੍ਹਾ ਸੰਭਾਲਣ ਵਾਲਿਆਂ ਵੱਲੋਂ ਤਾਂ ਖੁਸ਼ੀ ਮਨਾਉਣ ਦੀ ਸਮਝ ਆ ਸਕਦੀ ਹੈ, ਪਰ ਸਮੁੱਚੇ ਦੇਸ਼ ਵਾਸੀਆਂ ਨੂੰ ਬਿਨਾ ਖੂਨ ਖ਼ਰਾਬੇ ਅਤੇ ਉਜਾੜੇ ਤੋਂ ਇਸ ਅਜ਼ਾਦੀ ਨਾਲ ਕੀ ਪ੍ਰਾਪਤ ਹੋਇਆ ? ਬੂਟਾ ਸਿੰਘ ਨੇ ਕਿਹਾ ਕਿ 1947 ਤੋਂ ਬਾਅਦ ਵੀ ਸਾਡੇ ਦੇਸ਼ ਦੀਆਂ ਵੱਖ ਵੱਖ ਸਰਕਾਰਾਂ ਦੇ ਰਾਜ ਵਿੱਚ ਕਈ ਵਾਰ ਮਨੁੱਖਤਾ ਦੇ ਵੱਡੇ ਕਤਲੇਆਮ ਹੋਏ ਜਿਹਨਾਂ ਨੂੰ ਇਤਿਹਾਸ ਵਿੱਚੋਂ ਵੀ ਬਾਹਰ ਰੱਖਿਆ ਜਾ ਰਿਹਾ ਹੈ।
ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਦਬਾਉਣ ਅਤੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦੇਸ਼ ਧ੍ਰੋਹ ਦੇ ਨਾਂ ਹੇਠ ਭੰਡਕੇ ਝੂਠੇ ਕੇਸਾਂ ਵਿੱਚ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਦੇਸ਼ ਦੀ ਵਿਸ਼ਾਲ ਜਨਤਾ ਨੂੰ ਜਾਅਲੀ ਕਹਾਣੀਆਂ ਘੜਕੇ ਇੱਕ ਦੂਜੇ ਖਿਲਾਫ ਲੜਾਇਆ ਜਾ ਰਿਹਾ ਹੈ। ਕੇਂਦਰ ਦੀ ਸੱਤ੍ਹਾਧਾਰੀ ਪਾਰਟੀ ਦਾ ਏਜੰਡਾ ਦੇਸ਼ ਵਿੱਚੋਂ ਵੱਨ - ਸਵੱਨਤਾ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਹੈ। ਮਨੀਪੁਰ, ਹਰਿਆਣਾ ਅਤੇ ਹੋਰ ਹਿੱਸਿਆਂ ਵਿੱਚ ਘੱਟ ਗਿਣਤੀਆਂ, ਮੁਸਲਮਾਨਾਂ , ਦਲਿਤਾਂ ਅਤੇ ਆਪਣੇ ਵਿਰੋਧੀਆਂ ਖਿਲਾਫ ਜੋ ਸਿਰਜਿਆ ਜਾ ਰਿਹਾ ਹੈ, ਉਸ ਬਾਰੇ ਲੋਕਾਂ ਨੂੰ ਚੇਤਨ ਕਰਨਾ ਬਹੁਤ ਜ਼ਰੂਰੀ ਹੈ। ਇਸ ਆਜ਼ਾਦੀ ਦੇ ਪੌਣੀ ਸਦੀ ਬੀਤ ਜਾਣ ਵਾਲੇ ਇਤਿਹਾਸ ਵਿੱਚ ਕਸ਼ਮੀਰ, ਮਨੀਪੁਰ ਆਦਿ ਵਿੱਚ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਨੂੰ ਜਬਰੀ ਕੁੱਚਲਕੇ ਫਾਸੀਵਾਦੀ ਰੁਝਾਨ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਦੇਸ਼ ਦੇ ਲੋਕਾਂ ਨੂੰ ਆਪਸੀ ਭਰਾ ਮਾਰ ਜੰਗ ਵਿੱਚ ਨਾ ਪੈਣ ਦੀ ਬਜਾਏ , ਉਹਨਾਂ ਨੂੰ ਧਰਮਾਂ , ਜਾਤਾਂ ਆਦਿ ਵਿੱਚ ਵੰਡਕੇ ਰੱਖਣ ਵਾਲਿਆਂ ਖਿਲਾਫ ਇਕੱਠੇ ਹੋ ਕੇ ਅੱਗੇ ਆਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਸਮੇਂ ਪ੍ਰੋ ਏ ਕੇ ਮਲੇਰੀ, ਡਾ ਹਰਬੰਸ ਗਰੇਵਾਲ, ਕਾ ਸੁਰਿੰਦਰ, ਮਾ ਪ੍ਰਮਜੀਤ ਪਨੇਸਰ, ਐਡਵੋਕੇਟ ਨਰਿੰਦਰ ਨਿੰਦੀ ਨੇ ਸਵਾਲ ਜਵਾਬ ਦੇ ਦੌਰ ਵਿੱਚ ਆਪਣੇ ਸ਼ੰਕੇ ਨਵਿਰਤ ਕੀਤੇ।ਐਡਵੋਕੇਟ ਹਰਪ੍ਰੀਤ ਜੀਰਖ, ਜਗਜੀਤ ਸਿੰਘ, ਰਜੀਵ ਕੁਮਾਰ, ਪ੍ਰਤਾਪ ਸਿੰਘ , ਪ੍ਰਮਜੀਤ ਸਿੰਘ ਨੇ ਪ੍ਰਬੰਧਕੀ ਜ਼ੁੰਮੇਵਾਰੀਆਂ ਨਿਭਾਈਆਂ।ਸਮੁੱਚਾ ਸਟੇਜ ਸੰਚਾਲਨ ਅਰੁਣ ਕੁਮਾਰ ਨੇ ਨਿਭਾਇਆ।