ਬਰਨਾਲਾ/ਮਹਿਲ ਕਲਾਂ 13 ਜੂਨ (ਡਾਕਟਰ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਇਨਕਲਾਬੀ ਕੇਂਦਰ ਪੰਜਾਬ ਨੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਦੋਸ਼ੀ ਭਾਜਪਾ ਦੇ ਦੋ ਬੁਲਾਰਿਆਂ ਨੂਪੁਰ ਸ਼ਰਮਾਂ ਅਤੇ ਨਵੀਨ ਜਿੰਦਲ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਅਤਿਅੰਤ ਸੰਵੇਦਨਸ਼ੀਲ ਮਾਮਲੇ 'ਚ ਭਾਜਪਾ ਵੱਲੋਂ ਆਪਣੇ ਇਨ੍ਹਾਂ ਦੋ ਬੁਲਾਰਿਆਂ ਨੂੰ ਮੁਅੱਤਲ ਅਤੇ ਬਰਖਾਸਤ ਕਰਕੇ ਦੇਸ਼ਵਾਸੀਆਂ ਦੀਆਂ ਅੱਖਾਂ ਪੂੰਝਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਸਿਆਸੀ ਵਿਭਚਾਰ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਇਨ੍ਹਾਂ ਦੋਵਾਂ ਦੇ ਨਾਲ ਨਾਲ ਬਿਨੵਾਂ ਪੜਤਾਲ ਅਨੇਕਾਂ ਮੁਸਲਿਮ ਆਗੂਆਂ 'ਤੇ ਵੀ ਐਫਆਈ ਆਰ ਦਰਜ ਕਰਕੇ ਬਹੁਗਿਣਤੀ ਹਿੰਦੂ ਲੋਕਾਂ 'ਚ ਅਪਣੀ ਸਿਆਸੀ ਭੱਲ ਬਚਾਉਣ ਦੀ ਵੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਨਾਕਾਬਿਲੇ ਬਰਦਾਸ਼ਤ ਜ਼ੁਰਮ ਨੇ ਖਾੜੀ ਦੇ ਦੇਸ਼ਾਂ ਨਾਲ ਵੀ ਸਾਡੇ ਵਿਦੇਸ਼ੀ ਸਬੰਧ ਖ਼ਤਰੇ ਮੂੰਹ ਪਾ ਦਿੱਤੇ ਹਨ ।
ਜਿਨਾਂ ਦੇਸ਼ਾਂ ਤੋਂ ਵਪਾਰ ਦੇ ਚਲਦਿਆਂ ਪਚਵੰਜਾ ਪ੍ਰਤੀਸ਼ਤ ਵਿਦੇਸ਼ੀ ਪੂੰਜੀ ਭਾਰਤ ਹਾਸਲ ਕਰਦਾ ਹੈ। ਲੱਖਾਂ ਕਰੋੜਾਂ ਲੋਕ ਕਿਰਤ ਕਰਨ ਲਈ ਇਨੵਾਂ ਅਰਬ ਮੁਲਕਾਂ'ਚ ਜਾਕੇ ਵਸੇ ਹੋਏ ਹਨ। ਦਹਿ ਹਜਾਰਾਂ ਲੋਕਾਂ ਦਾ ਵਪਾਰਕ ਕਾਰੋਬਾਰ ਵੀ ਇਨ੍ਹਾਂ ਮੁਲਕਾਂ'ਚ ਚੱਲ ਰਿਹਾ ਹੈ। ਭਾਜਪਾ ਦੇ ਇਸ ਫ਼ਿਰਕੂ ਫਾਸ਼ੀਵਾਦ ਦਾ ਸਿੱਟਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਖਾੜੀ ਦੇਸ਼ਾਂ ਦੇ ਸਟੋਰਾਂ ਦੇ ਬਾਹਰ ਕੂੜੇਦਾਨਾਂ ਚ ਟੰਗੀਆਂ ਨਜ਼ਰ ਆਉਂਦੀਆਂ ਹਨ। ਉਨਾਂ ਦੇਸ਼ ਭਰ 'ਚ ਇਸ ਫਾਸ਼ੀ ਅਮਲ ਖਿਲਾਫ ਹੋ ਰਹੇ ਰੋਸ ਪ੍ਰਦਰਸ਼ਨਾਂ ਨੂੰ ਬਾਰੂਦ ਦੋ ਜ਼ੋਰ ਦਬਾ ਕੇ ਖੂਨ ਦੀ ਖੇਡੀ ਜਾ ਰਹੀ ਅੰਨੵੀ ਖੇਡ ਬੰਦ ਕਰਨ ਦੀ ਮੰਗ ਕੀਤੀ ਹੈ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਮ ਸਾਧਾਰਨ ਲੋਕ ਗੋਲੀਆਂ ਦਾ ਸ਼ਿਕਾਰ ਬਣਾ ਕੇ ਮਾਰੇ ਜਾ ਰਹੇ ਹਨ, ਵੱਡੀ ਪੱਧਰ ਤੇ ਜ਼ਖ਼ਮੀ ਕੀਤੇ ਜਾ ਰਹੇ ਹਨ। ਰੋਸ ਪ੍ਰਗਟ ਕਰਨ ਦੇ ਜਮਹੂਰੀ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਇਹ ਬਿਆਨ ਇੱਥੇ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਜਪਾ ਦੇ ਅੱਠ ਸਾਲਾਂ ਦੇ ਰਾਜ ਚ ਘੱਟ ਗਿਣਤੀਆਂ ਖਾਸ ਕਰ ਮੁਲਕ ਦੀ ਸਭ ਤੋਂ ਵੱਡੀ ਘੱਟ ਗਿਣਤੀ ਮੁਸਲਿਮ ਤਬਕੇ ਖਿਲਾਫ ਮਿੱਥ ਕੇ ਕੀਤੇ ਜਾ ਰਹੇ ਜ਼ਹਿਰੀਲੇ ਪ੍ਰਚਾਰ ਨੇ ਸਾਰੇ ਹੱਦ ਬੰਨੇ ਟੱਪ ਲਏ ਹਨ। ਕਦੇ ਬੁਲਡੋਜ਼ਰਾਂ ਰਾਹੀਂ ਘੱਟ ਗਿਣਤੀਆਂ ਨੂੰ ਫਨਾਹ ਕੀਤਾ ਜਾ ਰਿਹਾ ਹੈ ਕਦੇ ਕੁੱਟ ਕੁੱਟ ਕੇ ਰਾਮ ਦੇ ਨਾਮ ਤੇ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਭਾਜਪਾ ,ਆਰਐਸਐਸ ਦੀ ਸਾਜ਼ਿਸ਼ ਇਨ੍ਹਾਂ ਫਿਰਕੂ ਕਤਲੇਆਮਾਂ ਦੀ ਆੜ 'ਚ ਹਿੰਦੂ ਭਾਵਨਾਵਾਂ ਭੜਕਾ ਕੇ 2024 ਵਿੱਚ ਮੁੜ ਰਾਜ ਗੱਦੀ ਤੇ ਕਾਬਜ਼ ਹੋਣਾ ਹੈ। ਨਾਲ ਦੀ ਨਾਲ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਦਿਆਂ ਆਰਥਿਕ ਹੱਲਾ ਤੇਜ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਲੰਧਰ ਵਿਖੇ ਹੋਣ ਜਾ ਰਹੀ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਮੀਟਿੰਗ ਵਿੱਚ ਇਸ ਗੰਭੀਰ ਮਸਲੇ ਤੇ ਚਰਚਾ ਕਰ ਕੇ ਫਾਸ਼ੀਵਾਦ ਖਿਲਾਫ ਪਿਛਲੇ ਮਹੀਨੇ ਜੋਨਲ ਕਨਵੈਨਸ਼ਨਾਂ ਸਫਲਤਾ ਪੂਰਵਕ ਨੇਪਰੇ ਚਾੜਨ ਤੋਂ ਬਾਅਦ ਹੁਣ ਸੰਘਰਸ਼ ਦੀ ਅਗਲੀ ਰਣਨੀਤੀ ਘੜੀ ਜਾਵੇਗੀ। ਉਨ੍ਹਾਂ ਸਮੂਹ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਇਸ ਫਾਸ਼ੀ ਹੱਲੇ ਖਿਲਾਫ ਛੋਟੇ ਮੋਟੇ ਮੱਤਭੇਦ ਛੱਡ ਕੇ ਇਕਜੁੱਟ ਟਾਕਰਾ ਕਰਨ ਦੀ ਅਪੀਲ ਕੀਤੀ ਹੈ।