You are here

ਬਾਗਬਾਨੀ ਵਿਭਾਗ ਵੱਲੋਂ ਜਿਮੀਦਾਰਾਂ ਦੀ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਨਿਵੇਕਲੇ ਉਪਰਾਲੇ -

ਕ੍ਰਿਸ਼ੀ ਵਿਕਾਸ ਯੋਜਨਾ ਅਧੀਨ 'ਆਨ ਫਾਰਮ ਕੋਲਡ ਰੂਮ' ਬਣਾਉਣ 'ਤੇ 1.50 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਧ ਹੈ - ਡਾ. ਬਲਕਾਰ ਸਿੰਘ

ਲੁਧਿਆਣਾ, 10 ਜੂਨ (ਰਣਜੀਤ ਸਿੱਧਵਾਂ) : ਉਪ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ. ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਵਿਭਾਗ ਵੱਲੋਂ ਫਸਲਾਂ ਦੀ ਤੁੜਾਈ ਉਪਰੰਤ ਸਾਂਭ- ਸੰਭਾਲ ਲਈ ਖਾਸ ਤੌਰ 'ਤੇ ਛੋਟੇ ਅਤੇ ਸੀਮਾਂਤ ਜਿਮੀਦਾਰਾਂ ਲਈ ਉਨ੍ਹਾਂ ਦੇ ਖੇਤਾਂ ਵਿੱਚ ਹੀ ਛੋਟੇ ਕੋਲਡ ਰੂਮ (ਆਨ ਫਾਰਮ ਕੋਲਡ ਰੂਮ) ਸਕੀਮ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਾਸ ਕਰਵਾਈ ਗਈ ਹੈ। ਡਾ.ਬਲਕਾਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਕੋਲਡ ਰੂਮ ਜਿਸ ਦੀ ਸਮਰੱਥਾ ਲਗਭਗ 3 ਮੀ.ਟਨ ਹੈ, ਵਿੱਚ ਲਗਭਗ ਸਾਰੀਆਂ ਹੀ ਬਾਗਬਾਨੀ ਫਸਲਾਂ ਵੱਖ-ਵੱਖ ਤਾਮਪਾਨ ਅਤੇ ਨਮੀ 'ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਕੋਲਡ ਰੂਮਾਂ ਦੀ ਸਹਾਇਤਾ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਤੁੜਾਈ ਉਪਰੰਤ ਲੋੜ ਅਨੁਸਾਰ ਮੰਡੀਕਰਨ ਲਈ ਲੈ ਕੇ ਜਾ ਸਕਦਾ ਹੈ, ਜਿਸ ਕਰਕੇ ਮਾਰਕੀਟ ਵਿੱਚ ਕਿਸਾਨ ਆਪਣੀ ਫਸਲ ਦਾ ਚੰਗਾ ਮੁੱਲ ਪਾ ਸਕਦਾ ਹੈ ਅਤੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਆਨ ਫਾਰਮ ਕੋਲਡ ਰੂਮ ਬਣਾਉਣ 'ਤੇ 1.50 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਧ ਹੈ। ਉਨ੍ਹਾਂ ਸਮੂਹ ਜਿਮੀਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਬਲਾਕ/ਜ਼ਿਲ੍ਹਾ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬਾਗਬਾਨੀ ਵਿਭਾਗ, ਪੰਜਾਬ ਸੂਬੇ ਵਿੱਚ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਬਦਲ ਵਜੋਂ ਬਾਗਬਾਨੀ ਫਸਲਾਂ ਜਿਵੇਂ ਕਿ ਫਲ, ਸਬਜ਼ੀਆਂ ਤੇ ਫੁੱਲਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਲਈ ਜਿਮੀਦਾਰਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਲਾਗੂ ਕਰਕੇ ਉਤਸ਼ਾਹਿਤ ਕਰਦਾ ਆ ਰਿਹਾ ਹੈ ਤਾਂ ਕਿ ਰਾਜ ਵਿੱਚ ਖੇਤੀ ਵਿਭਿੰਨਤਾ ਅਧੀਨ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਈ ਜਾਵੇ, ਸਗੋਂ ਰਾਜ ਦੇ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਆਦਿ ਦੀ ਸੰਭਾਲ ਵੀ ਕੀਤੀ ਜਾ ਸਕੇ।