You are here

ਬੱਚਿਆ ਤੋਂ ਭਿੱਖਿਆ ਮੰਗਵਾਉਣ ਅਤੇ ਬਾਲ ਮਜਦੂਰੀ ਕਰਵਾਉਣ ਵਾਲੇ ਤੇ ਹੋਵੇਗੀ ਐਫ. ਆਈ. ਆਰ - ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 10 ਜੂਨ (ਰਣਜੀਤ ਸਿੱਧਵਾਂ)  : ਸ੍ਰੀ ਵਨੀਤ ਕੁਮਾਰ ਆਈ.ਏ. ਐਸ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਵੱਲੋ ਅੱਜ਼ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਨਾਲ ਮੀਟਿੰਗ ਕੀਤੀ ਅਤੇ ਦੱਸਿਆ ਕਿ ਬੱਚਿਆਂ ਤੋਂ  ਬਾਲ ਭਿੱਖਿਆ ਅਤੇ ਬਾਲ ਮਜਦੂਰੀ ਕਰਵਾਉਣ ਵਾਲੇ ਤੇ ਐਫ. ਆਈ. ਆਰ ਦਰਜ ਕੀਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ 1 ਜੂਨ  ਤੋਂ 30 ਜੂਨ 2022 ਤੱਕ ਬਾਲ ਮਜ਼ਦੂਰੀ ਖਾਤਮਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਤਹਿਤ ਛੋਟੇ-ਛੋਟੇ ਬੱਚੇ, ਜਿੰਨ੍ਹਾਂ ਨੂੰ ਸਕੂਲ ਵਿੱਚ ਪੜ੍ਹਨਾ ਚਾਹੀਦਾ ਸੀ ਉਹ ਮਾਂ-ਬਾਪ ਦੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਬਾਲ ਮਜ਼ਦੂਰੀ ਕਰਦੇ ਹਨ ਅਤੇ ਚੰਦ ਪੈਸਿਆਂ ਦੇ ਲਈ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ “ਵਿੱਦਿਆ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ” ਤਹਿਤ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਕਿਹਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਬਾਲ ਮਜ਼ਦੂਰੀ ਕਰਦੇ ਜਾਂ ਭਿੱਖਿਆ ਮੰਗਦੇ ਮਿਲਦੇ ਹਨ, ਉਨ੍ਹਾਂ ਨੂੰ ਸਕੂਲਾਂ ਵਿੱਚ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਅਤੇ ਸਮੂਹ ਵਪਾਰ ਮੰਡਲ ਨੂੰ ਹਦਾਇਤ ਜਾਰੀ ਕਰਨ ਲਈ ਕਿਹਾ ਗਿਆ ਕਿ ਕਿਸੇ ਵੀ ਬੱਚੇ ਤੋਂ ਬਾਲ ਮਜਦੂਰੀ ਨਾ ਕਰਵਾਈ ਜਾਵੇ। ਜੇਕਰ ਕੋਈ ਅਜਿਹਾ ਬੱਚਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਜੁੜ ਕੇ ਉਸ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ। ਵਪਾਰ ਮੰਡਲ ਵੱਲੋਂ ਕਿਹਾ ਗਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਦੇਣਗੇ ਅਤੇ ਕਿਸੇ ਵੀ ਬਾਲ ਕਿਰਤੀ ਤੋਂ ਮਜਦੂਰੀ ਨਹੀਂ ਕਰਵਾਉਣਗੇ। ਡਿਪਟੀ ਕਮਿਸ਼ਨਰ ਨੇ ਉਪ-ਮੰਡਲ ਮੈਜਿਸਟ੍ਰੇਟ, ਸ੍ਰੀ ਮੁਕਤਸਰ ਸਾਹਿਬ ਸਵਰਨਜੀਤ ਕੌਰ ਅਤੇ ਉਪ- ਮੰਡਲ ਮੈਜਿਸਟ੍ਰੇਟ, ਮਲੋਟ ਗਗਨਦੀਪ ਸਿੰਘ ਨੂੰ ਕਿਹਾ ਕਿ ਉਹ ਸਮੂਹ ਬਲਾਕਾਂ ਵਿੱਚ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਦੇ ਖਾਤਮੇ ਲਈ ਇਸ ਮੁਹਿੰਮ ਨੂੰ ਚਲਾਉਣ ਤਾਂ ਜੋ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਦਾ ਖਾਤਮਾ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਡੀ.ਐਸ.ਪੀ. ਮਾਨਵਜੀਤ ਸਿੰਘ ਨੂੰ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲੇ ਅਤੇ ਭਿੱਖਿਆ ਮੰਗਵਾਉਣ ਵਾਲੇ ਤੇ ਐਫ.ਆਈ.ਆਰ ਦਰਜ ਕਰਨ ਨੂੰ ਕਿਹਾ।
ਇਸ ਮੌਕੇ ਅਸ਼ਵਾਨੀ ਗਿਰਧਰ, ਸੀਨੀਅਰ ਅਸਿਸਟੈਂਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੀਵਨ, ਉਪ-ਕਪਤਾਨ ਪੁਲਿਸ, ਮਾਨਵਜੀਤ ਸਿੰਘ ਸਿੱਧੂ, ਡਾ. ਵਿਕਰਮਜੀਤ, ਮੈਡੀਕਲ ਅਫ਼ਸਰ ਡਾ. ਰਿਚਾ ਗੋਇਲ, ਰਵੀ ਕੁਮਾਰ, ਕਲਰਕ ਲੇਬਰ ਵਿਭਾਗ, ਗੋਲਡੀ ਸ਼ਰਮਾ, ਚੇਅਰਪਰਸਨ ਬਾਲ ਭਲਾਈ ਕਮੇਟੀ, ਸਰਵਰਿੰਦਰ ਸਿੰਘ ਵੀ ਹਾਜਰ ਸਨ।