ਜਗਰਾਉਂ 08 ਜੂਨ (ਰਣਜੀਤ ਸਿੱਧਵਾਂ) : ਅੱਜ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਪੰਜਾਬ ਪੈਨਸ਼ਨਰ ਯੂਨੀਅਨ ਜਗਰਾਉਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ। ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਰੂੰਮੀ, ਗੁਰਮੇਲ ਸਿੰਘ ਮੈਲਡੇ ਪ੍ਰਧਾਨ, ਪਰਮਜੀਤ ਸਿੰਘ ਪੰਮੀ ਤੇ ਸਵਰਨ ਸਿੰਘ ਹਠੂਰ ਨੇ ਬਾਬਾ ਜੀ ਦੇ ਇਤਿਹਾਸ ਬਾਰੇ ਦੱਸਿਆ ਕਿ ਬਾਬਾ ਜੀ ਨੇ ਮੁਗਲ ਫੌਜਾਂ ਨਾਲ ਲੜਦੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ, ਕਬਜ਼ਾ ਕਰਕੇ ਸੂਬਾ ਸਰਹੰਦ ਅਤੇ ਦੀਵਾਨ ਸੁੱਚਾਨੰਦ ਨੂੰ ਸਜ਼ਾ ਦੇ ਕੇ ਜ਼ੁਲਮਾਂ ਦਾ ਬਦਲਾ ਲਿਆ ਅਤੇ ਆਪਣਾ ਰਾਜ ਸਥਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਸਿੱਕਾ ਚਲਾਇਆ ਅਤੇ ਜ਼ਿਮੀਂਦਾਰ ਪ੍ਰਬੰਧ ਖਤਮ ਕਰਕੇ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦਾ ਹੱਕ ਦਿੱਤਾ ਅਤੇ ਅਨੇਕਾਂ ਤਸੀਹੇ ਝੱਲ ਕੇ 9 ਜੂਨ 1716 ਨੂੰ ਸ਼ਹੀਦੀ ਪ੍ਰਾਪਤ ਕੀਤੀ ਸਿੱਖ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਲਈ ਸਿੱਖ ਕੌਮ ਹਰ ਵੇਲੇ ਉਨ੍ਹਾਂ ਨੂੰ ਯਾਦ ਰੱਖਦੀ ਹੈ।ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ 2.59 ਦੇ ਫਾਰਮੂਲੇ ਨਾਲ ਵਾਧਾ ਕੀਤਾ ਜਾਵੇ। 1.7.15 ਤੋਂ 31.12.15 ਤੱਕ 6% ਡੀ.ਏ ਦੀ ਕਿਸ਼ਤ ਦਾ ਬਕਾਇਆ ਦਿੱਤਾ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ ਤੇ 1.1.16 ਤੋਂ ਬਣਦਾ ਬਕਾਇਆ ਜਲਦੀ ਦਿੱਤਾ ਜਾਵੇ, ਠੇਕੇ ਤੇ ਭਰਤੀ ਮੁਲਾਜ਼ਮ ਪੱਕੇ ਕੀਤੇ ਜਾਣ, ਪਨਬੱਸਾਂ ਦੀਆਂ ਕਰਜ਼ਾ ਮੁਕਤ ਬੱਸਾਂ ਸਟਾਫ਼ ਸਮੇਤ ਰੋਡਵੇਜ਼ ਵਿੱਚ ਸ਼ਾਮਲ ਕੀਤੀਆਂ ਜਾਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਸਰਕਾਰ ਵੱਲੋਂ ਮੁਲਾਜ਼ਮਾਂ ਵਿੱਚ ਪਾਇਆ ਰੋਸ ਦੂਰ ਕੀਤਾ ਜਾਵੇਗਾ । ਇਸ ਮੌਕੇ ਜਗਸੀਰ ਸਿੰਘ ਪ੍ਰਧਾਨ, ਬਲਜੀਤ ਸਿੰਘ ਬਿੱਲੂ, ਜਗਦੀਪ ਸਿੰਘ ਕਾਉਂਕੇ, ਦਲਜੀਤ ਸਿੰਘ, ਪ੍ਰਿਤਪਾਲ ਸਿੰਘ ਪੰਡੋਰੀ, ਕਰਮਜੀਤ ਸਿੰਘ, ਬਚਿੱਤਰ ਸਿੰਘ ਧੋਥਡ਼, ਰਾਮ ਜੀਜਸ, ਰਸਾਲ ਸਿੰਘ, ਹਰਪਾਲ ਸਿੰਘ ਵੀ ਹਾਜ਼ਰ ਸਨ ।