ਵਾਸ਼ਿੰਗਟਨ, ਜੁਲਾਈ 2019 - ਅਮਰੀਕਾ ਸਮੇਂ-ਸਮੇਂ 'ਤੇ ਨੌਕਰੀ ਲਈ ਆਉਣ ਵਾਲੇ ਕਰਮਚਾਰੀਆਂ ਦੇ ਐਚ.-1ਬੀ ਵੀਜ਼ੇ ਦੀ ਫੀਸ ਵਧਾਉਂਦਾ ਜਾ ਰਿਹਾ ਹੈ | ਉਹ ਭਾਰਤੀ ਕਰਮਚਾਰੀਆਂ ਸਮੇਤ ਸਾਰੇ ਵਿਦੇਸ਼ੀ ਕਰਮਚਾਰੀਆਂ ਦੀ ਵੀਜ਼ਾ ਫੀਸ ਦਾ ਪੈਸਾ ਆਪਣੇ ਇੱਥੇ ਨੌਜਵਾਨਾਂ ਦੀ ਹੁਨਰ ਸਿਖਲਾਈ 'ਤੇ ਖਰਚ ਕਰ ਰਿਹਾ ਹੈ, ਤਾਂ ਕਿ ਉਹ ਕਰਮਚਾਰੀਆਂ ਦੇ ਤੌਰ 'ਤੇ ਕੰਪਨੀਆਂ ਲਈ ਹੁਨਰਮੰਦ ਬਣ ਸਕਣ | ਅਮਰੀਕੀ ਵਣਜ ਸਕੱਤਰ ਵਿਲਬੁਰ ਰਾਸ ਨੇ ਕਿਹਾ ਹੈ ਕਿ ਇਸ ਵੀਜ਼ੇ ਦੀ ਫੀਸ ਨਾਲ ਇਕੱਤਰਤ ਧਨ ਨਾਲ ਅਮਰੀਕੀਆਂ 'ਚ ਹੁਨਰ ਦੀ ਕਮੀ ਦੂਰ ਕਰਨ ਲਈ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ | ਐਚ.1ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਅਮਰੀਕਾ 'ਚ ਅਸਥਾਈ ਤੌਰ 'ਤੇ ਨੌਕਰੀ ਕਰਨ ਦੀ ਇਜਾਜ਼ਤ ਮਿਲਦੀ ਹੈ | ਉੱਚ ਕੁਸ਼ਲਤਾ ਵਾਲੇ ਕਰਮਚਾਰੀਆਂ ਨੂੰ ਯੋਗਤਾ ਦੇ ਆਧਾਰ 'ਤੇ ਵੀਜ਼ਾ ਦਿੱਤਾ ਜਾਂਦਾ ਹੈ | ਭਾਰਤੀ ਆਈ.ਟੀ. ਪੇਸ਼ੇਵਰਾਂ 'ਚ ਐਚ.1ਬੀ ਵੀਜ਼ਾ ਬਹੁਤ ਮਹੱਤਵਪੂਰਨ ਹੈ | ਇਹ ਵੀਜ਼ਾ ਹਾਸਲ ਕਰਨ ਵਾਲਿਆਂ 'ਚ ਭਾਰਤੀ ਪੇਸ਼ੇਵਰ ਹਮੇਸ਼ਾਂ ਅੱਗੇ ਰਹਿੰਦੇ ਹਨ | ਰਾਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਉਦਯੋਗ ਮਾਨਤਾ ਪ੍ਰਾਪਤ ਨਵਾਂ ਸਿਖਲਾਈ ਸਿਸਟਮ ਸ਼ੁਰੂ ਕੀਤਾ ਸੀ | ਇਸ 'ਚ ਰੁਜ਼ਗਾਰ ਦੇਣ ਵਾਲੇ ਵਲੋਂ ਹੀ ਸਿਖਲਾਈ ਦਿੱਤੀ ਜਾਂਦੀ ਹੈ | ਹੁਣ ਇਸ ਪ੍ਰੋਗਰਾਮ ਦਾ ਵਿਸਥਾਰ ਕਰਨ ਦੀ ਯੋਜਨਾ ਹੈ | ਸਰਕਾਰੀ ਫੰਡਾਂ ਨਾਲ ਟ੍ਰੈਵਲ ਐਾਡ ਟੂਰਿਜ਼ਮ ਇੰਡਸਟਰੀ 'ਚ ਨਵਾਂ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ 'ਚ ਮਦਦ ਮਿਲੇਗੀ | ਰਾਸ ਅਨੁਸਾਰ ਕਿਰਤ ਵਿਭਾਗ ਨੂੰ ਕਰੀਬ 30 ਕੈਂਪਾਂ ਲਈ ਗਰਾਂਟ ਦੇ ਲਈ 10 ਕਰੋੜ ਡਾਲਰ ਦਿੱਤੇ ਗਏ ਹਨ | ਉਨ੍ਹਾਂ ਇਕ ਪ੍ਰੋਗਰਾਮ 'ਚ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਫੰਡ ਵਿਦੇਸ਼ੀ ਕਰਮਚਾਰੀਆਂ ਦੇ ਐਚ.1 ਬੀ ਵੀਜ਼ੇ ਲਈ ਕੰਪਨੀਆਂ ਦੁਆਰਾ ਜਮ੍ਹਾ ਕਰਵਾਈ ਜਾਣ ਵਾਲੀ ਫੀਸ ਤੋਂ ਲਿਆ ਜਾ ਰਿਹਾ ਹੈ | ਅਮਰੀਕੀ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਵੀਜ਼ਾ ਫੀਸ ਨਾਲ ਗਰਾਂਟ ਦਿੱਤੀ ਜਾ ਰਹੀ ਹੈ |