ਲੈਗੋਲਨ/ਵੇਲਜ਼/ਯੂਕੇ, ਜੁਲਾਈ 2019 ( ਮਨਜਿੰਦਰ ਗਿੱਲ)-ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ ਰੀਅਲ ਫੋਕ ਕਲਚਰਲ ਇੰਟਰਨੈਸ਼ਨਲ ਅਕੈਡਮੀ ਨੇ ਲੈਂਗੋਲਨ ਇੰਟਰਨੈਸ਼ਨਲ ਮਿਊਜ਼ੀਕਲ ਈਸਟੈਡਫੋਡ ਵੱਲੋਂ ਵੇਲਜ਼ (ਇੰਗਲੈਂਡ) ਵਿਖੇ ਕਰਵਾਏ ਗਏ 'ਲੈਂਗੋਲਨ 2019' ਸੱਭਿਆਚਾਰਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਸੱਭਿਆਚਾਰ ਦਾ ਝੰਡਾ ਗੱਡਿਆ ਹੈ। ਅਕੈਡਮੀ ਨੇ 'ਕੋਰੀਓਗ੍ਰਾਫੀ ਫੋਕ ਡਾਂਸ' ਵਰਗ ਵਿੱਚ ਦੂਜਾ ਸਥਾਨ, 'ਰਿਵਾਇਤੀ ਫੋਕ ਡਾਂਸ' ਵਿੱਚ ਤੀਜਾ ਸਥਾਨ ਹਾਸਿਲ ਕੀਤਾ। 'ਰਿਵਾਇਤੀ ਫੋਕ ਡਾਂਸ' ਵਿੱਚ ਅਕੈਡਮੀ ਦੇ ਕਲਾਕਾਰਾਂ ਨੇ ਮਲਵਈ ਗਿੱਧਾ ਅਤੇ ਡਾਂਸਿੰਗ ਇਨ ਦਾ ਸਟਰੀਟ ਦੀ ਪੇਸ਼ਕਾਰੀ ਕੀਤੀ। ਇਹ ਮੁਕਾਬਲੇ ਵੇਲਜ਼(ਯੂਕੇ) ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਗਏ। ਅਕੈਡਮੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਨੇ ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਲਗਾਤਾਰ ਤੀਜੇ ਸਾਲ ਭਾਗ ਲਿਆ। ਇਸ ਟੀਮ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ 27 ਮੈਂਬਰਾਂ ਨੇ ਭਾਗ ਲਿਆ। ਉਨਾਂ ਕਿਹਾ ਕਿ ਟੀਮ ਮੈਂਬਰਾਂ ਨੇ ਇਸ ਦੌਰੇ ਦੌਰਾਨ ਕਈ ਗਿਆਨਵਰਧਕ ਗੱਲਾਂ ਗ੍ਰਹਿਣ ਕੀਤੀਆਂ ਅਤੇ ਹੋਰ ਦੇਸ਼ਾਂ ਨਾਲ ਸੱਭਿਆਚਾਰਕ ਅਦਾਨ ਪ੍ਰਦਾਨ ਹੋਇਆ। ਉੱਪ ਪ੍ਰਧਾਨ ਸਤਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ 12 ਦੇਸ਼ਾਂ ਦੀਆਂ ਸੱਭਿਆਚਾਰਕ ਟੀਮਾਂ ਨੇ ਭਾਗ ਲਿਆ। ਟੀਮ ਦੇ ਕੁਝ ਮੈਂਬਰਾਂ ਨੇ ਵੇਲਜ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਰਕਸ਼ਾਪਾਂ ਅਤੇ ਹੋਰ ਸਮਾਗਮਾਂ ਵਿੱਚ ਵੀ ਭਾਗ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਵਧਾਇਆ। ਇਸ ਟੀਮ ਵਿੱਚ ਉਪਰੋਕਤ ਤੋਂ ਇਲਾਵਾ ਗੁਰਜਿੰਦਰ ਕੌਰ, ਰਾਜਵਿੰਦਰ ਕੌਰ, ਹਰਸੀਰਤ ਸਿੰਘ, ਦਹਿਰੀਨ ਕੌਰ, ਸਤੇਸ਼ਵੀਰ ਸਿੰਘ, ਅਮਰਜੋਤ ਸਿੰਘ, ਅਵਤਾਰ ਸਿੰਘ, ਮੈਂਗੋ, ਜਸਪ੍ਰੀਤ ਕੌਰ, ਤਰਨਦੀਪ ਕੌਰ, ਮਨੂੰ ਕੁਮਾਰ, ਮਨਪ੍ਰੀਤ ਕੌਰ, ਵਿਜੇ ਸ਼ਰਮਾ, ਗਗਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸ਼ਨਦੀਪ, ਅਵਨੀਤ ਕੌਰ, ਰਾਜਵੀਰ ਕੌਰ, ਰਵੀ ਕੁਮਾਰ, ਕਮਲਜੀਤ ਸਿੰਘ, ਜਤਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।