You are here

ਲੁਧਿਆਣਾ ਦੇ ਪੁਲੀਸ ਮੁਲਾਜ਼ਮ ਦੇ ਬੇਟੇ ਵੱਲੋਂ ਭਿਆਨਕ ਹਾਦਸਾ  

ਲੁਧਿਆਣਾ, 29  ਮਈ (ਮਨਜਿੰਦਰ ਗਿੱਲ  )ਸ਼ਹਿਰ ਦੇ ਸ਼ਹੀਦ ਜੋਗਿੰਦਰਪਾਲ ਪਾਂਡੇ ਰੋਡ ’ਤੇ ਪੁਲਿਸ ਮੁਲਾਜ਼ਮ ਦੇ ਪੁੱਤ ਨੇ ਸਕਾਰਪਿਓ ਗੱਡੀ ਐਕਟਿਵਾ ਸਵਾਰ ਪਤੀ-ਪਤਨੀ ’ਤੇ ਚਡ਼੍ਹਾ ਦਿੱਤੀ। ਹਾਦਸੇ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਫੱਟਡ਼ ਹੋ ਗਈ, ਜਿਸ ਨੂੰ ਡੀਐੱਮਸੀ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ’ਤੇ ਹੀ ਗੱਡੀ ਚਾਲਕ ਤੇ ਉਸ ਦੇ ਦੋਸਤ ਨੂੰ ਹਿਰਾਸਤ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਗਿੱਲ ਵਾਸੀ ਸਰਬਜੀਤ ਸਿੰਘ ਆਪਣੀ ਪਤਨੀ ਨਾਲ ਐਕਟਿਵਾ ’ਤੇ ਡੀਐੱਮਸੀ ਜਾ ਰਹੇ ਸਨ। ਜਿਵੇਂ ਹੀ ਉਹ ਹਾਥੀ ਕੰਪਲੈਕਸ ਨੇਡ਼ੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਸਕਾਰਪਿਓ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਚਲਾ ਰਹੇ ਸਰਬਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਮਨਿੰਦਰ ਕੌਰ ਗੰਭੀਰ ਫੱਟਡ਼ ਹੋ ਗਈ। ਪੁਲਿਸ ਨੇ ਸਕਾਰਪਿਓ ਚਾਲਕਾਂ ਤੁਸ਼ਾਰ ਸ਼ਰਮਾ ਵਾਸੀ ਸਰਕਾਰੀ ਪੁਲਿਸ ਫਲੈਟ ਤੇ ਮਨੀਤ ਸਿੰਘ ਵਾਸੀ ਸਰਾਭਾ ਨਗਰ ਨੂੰ ਕਾਬੂ ਕੀਤਾ ਹੈ। ਚੌਕੀ ਘੁਮਾਰ ਮੰਡੀ ਇੰਚਾਰਜ ਸਬ-ਇੰਸਪੈਕਟਰ ਨੇ ਦੱਸਿਆ ਕਿ ਡਾਕਟਰਾਂ ਨੇ ਮਨਿੰਦਰ ਕੌਰ ਦੇ ਬਿਆਨ ਲੈਣ ਤੋਂ ਹਾਲੇ ਮਨ੍ਹਾਂ ਕੀਤਾ ਹੈ। ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ।

ਸਾਕਰਪਿਓ ਤੁਸ਼ਾਰ ਸ਼ਰਮਾ ਚਲਾ ਰਿਹਾ ਸੀ ਤੇ ਉਸ ਦਾ ਦੋਸਤ ਨਾਲ ਬੈਠਿਆ ਸੀ। ਦੇਖਣ ਵਾਲਿਆਂ ਅਨੁਸਾਰ ਗੱਡੀ ਬੇਹੱਦ ਤੇਜ਼ ਰਫ਼ਤਾਰ ਨਾਲ ਹੈਬੋਵਾਲ ਚੌਕ ਵੱਲੋਂ ਸੱਗੂ ਚੌਕ ਵੱਲ ਜਾ ਰਿਹਾ ਸੀ। ਜਿਵੇਂ ਹੀ ਗੱਡੀ ਘੁਮਾਰ ਮੰਡੀ ਪੁਲਿਸ ਚੌਕੀ ਨੂੰ ਕਰਾਸ ਕਰ ਕੇ ਹਾਥੀ ਕੰਪਲੈਕਸ ਨੇਡ਼ੇ ਪੁੱਜੀ ਤਾਂ ਚਾਲਕ ਦਾ ਸੰਤੁਲਨ ਵਿਗਡ਼ ਗਿਆ ਤੇ ਗੱਡੀ ਡਿਵਾਈਡਰ ਟੱਪ ਦੂਸਰੇ ਪਾਸੇ ਚਲੀ ਗਈ ਤੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਲਪੇਟ ’ਚ ਲੈ ਲਿਆ।