You are here

ਇੰਗਲੈਂਡ ਨੇ ਪਹਿਲੀ ਵਾਰ ਜਿੱਤਿਆ ਕ੍ਰਿਕਟ ਵਿਸ਼ਵ ਕੱਪ

ਲੰਡਨ, ਜੁਲਾਈ 2019 (ਏਜੰਸੀ)-ਅੱਜ ਇੱਥੇ ਖੇਡੇ ਗਏ ਵਿਸ਼ਵ ਕੱਪ ਫਾਈਨਲ ਦੇ ਬੇਹੱਦ ਰੋਮਾਂਚਕ ਮੈਚ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ। ਇਹ ਮੈਚ ਇਕ ਦਿਨਾ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੁਕਾਬਲਿਆਂ 'ਚ ਸ਼ੁਮਾਰ ਹੋ ਗਿਆ। ਨੌਬਤ ਇੱਥੋਂ ਤੱਕ ਆ ਗਈ ਕਿ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ ਵਿਚਕਾਰ ਮੈਚ ਟਾਈ ਹੋ ਗਿਆ, ਜਿਸ ਤੋਂ ਬਾਅਦ ਜ਼ਿਆਦਾ 'ਬਾਊਂਡਰੀ' ਲਗਾਉਣ ਵਾਲੀ ਟੀਮ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ। ਇਸ ਤੋਂ ਪਹਿਲਾਂ ਨਿਰਧਾਰਤ 50 ਓਵਰਾਂ 'ਚ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਹੋਣ ਕਾਰਨ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ। ਜਿੱਥੇ ਇੰਗਲੈਂਡ ਨੇ ਦੋ ਚੌਕਿਆਂ ਦੀ ਮਦਦ ਨਾਲ 15 ਸਕੋਰ ਬਣਾਏ ਸਨ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਵੀ ਇਕ ਛੱਕੇ ਦੀ ਮਦਦ ਨਾਲ 15 ਦੌੜਾਂ ਬਣਾਈਆਂ ਪਰ ਸੁਪਰ ਓਵਰ ਦੇ ਨਿਯਮ ਅਨੁਸਾਰ ਮੈਚ ਦੌਰਾਨ ਜ਼ਿਆਦਾ ਬਾਊਂਡਰੀਆਂ ਲਗਾਉਣ ਵਾਲੀ ਇੰਗਲੈਂਡ ਜੇਤੂ ਬਣੀ। ਨਿਊਜ਼ੀਲੈਂਡ ਨੂੰ ਆਖਰੀ ਗੇਂਦ 'ਤੇ ਦੋ ਦੌੜਾਂ ਦੀ ਜ਼ਰੂਰਤ ਸੀ ਪਰ ਗੁਪਟਿਲ ਦੋ ਦੌੜਾਂ ਲੈਣ ਦੇ ਚੱਕਰ 'ਚ ਰਨ ਆਊਟ ਹੋ ਗਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ। ਟੀਮ ਦੀ ਸ਼ੁਰੂਆਤ ਕਾਫੀ ਮਾੜੀ ਰਹੀ ਅਤੇ ਉਸ ਦਾ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਇਕ ਵਾਰ ਫਿਰ ਫੇਲ੍ਹ ਸਾਬਤ ਹੋਇਆ। ਉਹ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਹੈਨਰੀ ਨਿਕੋਲਸ ਅਤੇ ਕੇਨ ਵਿਲੀਅਮਸਨ ਨੇ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਨੇ 74 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਵਧੀਆ ਸਕੋਰ ਵੱਲ ਲਿਜਾਉਣ ਦੀ ਕੋਸ਼ਿਸ਼ ਕੀਤੀ। ਵਿਲੀਅਮਸਨ 30 ਦੌੜਾਂ ਬਣਾ ਕੇ ਆਊਟ ਹੋ ਗਏ। ਰਾਸ ਟੇਲਰ ਵੀ ਕੇਵਲ 15 ਦੌੜਾਂ ਬਣਾ ਕੇ ਚਲਦੇ ਬਣੇ। ਇਸ ਬਾਅਦ ਨਿਕੋਲਸ 55 ਦੌੜਾਂ ਬਣਾ ਕੇ ਪੈਵਿਲੀਅਨ ਚਲੇ ਗਏ। ਇਕ ਸਮੇਂ ਲੱਗ ਰਿਹਾ ਸੀ ਕਿ ਟੀਮ 200 ਦੇ ਆਸ-ਪਾਸ ਹੀ ਸਕੋਰ ਬਣਾ ਸਕੇਗੀ ਪਰ ਟਾਮ ਲੈਥਮ ਨੇ 47 ਦੌੜਾਂ ਦੀ ਕਫਾਇਤੀ ਪਾਰੀ ਖੇਡਦੇ ਹੋਏ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਲੈਥਮ ਨੇ 47 ਦੌੜਾਂ ਦੀ ਪਾਰੀ ਖੇਡੀ। ਇਸ ਮੈਚ ਵਿਚ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਸਕੋਰ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਇੰਗਲੈਂਡ ਵਲੋਂ ਕ੍ਰਿਸ ਵੋਕਸ ਅਤੇ ਪਲੰਕਿਟ ਨੇ 3-3 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਵੀ ਕਾਫੀ ਮਾੜੀ ਰਹੀ। ਉਸ ਦਾ ਸਲਾਮੀ ਬੱਲੇਬਾਜ਼ ਜੇਸਨ ਰਾਏ 17 ਦੌੜਾਂ ਬਣਾ ਕੇ ਚਲਦਾ ਬਣਿਆ। ਇਸ ਤੋਂ ਬਾਅਦ ਜੋਏ ਰੂਟ ਅਤੇ ਇਓਨ ਮੋਰਗਨ ਕ੍ਰਮਵਾਰ 9 ਤੇ 7 ਦੌੜਾਂ ਬਣਾ ਕੇ ਪੈਵਿਲੀਅਨ ਪਰਤ ਗਏ। ਕੀਵੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਜੋਨੀ ਬ੍ਰੇਸਟੋ ਨੇ 36 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਫਰਗੁਸਨ ਦਾ ਸ਼ਿਕਾਰ ਬਣੇ ਅਤੇ ਟੀਮ ਦੀਆਂ ਚਾਰ ਵਿਕਟਾਂ 86 ਦੌੜਾਂ 'ਤੇ ਡਿੱਗ ਗਈਆਂ। ਇਸ ਤੋਂ ਬਾਅਦ ਬੇਨ ਸਟੋਕਸ ਅਤੇ ਜੋਸ ਬਟਲਰ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 196 ਤੱਕ ਪਹੁੰਚਾਇਆ। ਇਨ੍ਹਾਂ ਦੋਵਾਂ ਨੇ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਬਟਲਰ 45ਵੇਂ ਓਵਰ ਵਿਚ 60 ਗੇਂਦਾਂ ਵਿਚ 59 ਦੌੜਾਂ ਬਣਾ ਕੇ ਆਊਟ ਹੋ ਗਏ। ਇੰਗਲੈਂਡ ਦੀ ਪੂਰੀ ਟੀਮ 50 ਓਵਰਾਂ ਵਿਚ 241 ਦੌੜਾਂ ਦੇ ਆਊਟ ਹੋ ਗਈ ਜਿਸ ਕਾਰਨ ਮੈਚ ਸੁਪਰ ਓਵਰ ਤੱਕ ਪੁੱਜਿਆ। ਬੇਨ ਸਟੋਕਸ 84 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਵਿਲੀਅਮਸਨ ਨੂੰ ਮੈਨ ਆਫ਼ ਦਾ ਸੀਰੀਜ਼ ਚੁਣਿਆ ਗਿਆ ਜਿਸ ਨੇ ਪੂਰੇ ਟੂਰਨਾਮੈਂਟ ਵਿਚ 578 ਦੌੜਾਂ ਬਣਾਈਆਂ।

 

ਸੁਪਰ ਓਵਰ ਵਿਚ ਇੰਗਲੈਂਡ ਨੇ 15 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੂੰ ਵੀ 15 ਦੌੜਾਂ ਬਣਾਈਆਂ ਅਤੇ ਸੁਪਰ ਓਵਰ ਵਿਚ ਟਾਈ ਹੋ ਗਿਆ। ਪਰ ਆਈ.ਸੀ.ਸੀ. ਦੇ ਨਿਯਮ ਵਿਚ ਇੰਗਲੈਂਡ ਨੂੰ ਜਿੱਤ ਮਿਲੀ। ਅਸਲ ਵਿਚ ਨਿਯਮ ਅਨੁਸਾਰ ਜੋ ਟੀਮ ਆਪਣੀ ਪਾਰੀ ਵਿਚ ਅਤੇ ਸੁਪਰ ਓਵਰ ਵਿਚ ਸਰਬੋਤਮ ਚੌਕੇ ਅਤੇ ਛੱਕੇ ਲਗਾਉਂਦੀ ਹੈ ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇੰਗਲੈਂਡ ਨੇ ਕੁੱਲ 24 ਚੌਕੇ ਅਤੇ ਛੱਕੇ ਮਾਰੇ ਅਤੇ ਨਿਊਜ਼ੀਲੈਂਡ ਨੇ ਕੁੱਲ 16 ਚੌਕੇ ਅਤੇ ਛੱਕੇ ਮਾਰੇ।