You are here

ਪੀੜ੍ਹਤ ਮਾਤਾ ਨੇ 52ਵੇਂ ਦਿਨ ਵੀ ਰੱਖੀ ਭੁੱਖ ਹੜਤਾਲ

ਧਰਨਾ 59ਵੇਂ ਦਿਨ ਵੀ ਰਿਹਾ ਜਾਰੀ

ਪ੍ਰਸਾਸ਼ਨ ਕੁੰਭਕਰਨੀ ਨੀੰਦ ਸੁੱਤਾ- ਬਾਬਾ ਸੁਖਦੇਵ ਸਿੰਘ ਲੋਪੋ
ਜਗਰਾਉਂ 20 ਮਈ ( ਮਨਜਿੰਦਰ ਗਿੱਲ) ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਅਸੀਂ ਅੱਜ ਵੀ ਗੁਲ਼ਾਮ ਹਾਂ। ਇਹ ਸਬਦ ਨਿਹੰਗ ਮੁਖੀ ਬਾਬਾ ਸੁਖਦੇਵ ਸਿੰਘ ਲੋਪੋ ਵਾਲਿਆਂ ਨੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਥਾਣੇ ਮੂਹਰੇ ਲੱਗੇ ਪੱਕੇ ਧਰਨਾ ਦੇ 59ਵੇ ਦਿਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ। ਜੱਥੇਦਾਰ ਲੋਪੋ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਦੇ ਰਾਜ ਵਿੱਚ ਵੀ ਮ੍ਰਿਤਕ ਧੀ ਨੂੰ ਇਨਸਾਫ਼ ਦਿਵਾਉਣ ਲਈ ਬਿਰਧ ਮਾਤਾ 75 ਸਾਲ ਦੀ ਉਮਰ ਵਿੱਚ 52ਵੇਂ ਦਿਨ ਭੁੱਖ ਹੜਤਾਲ 'ਤੇ ਬੈਠੀ ਹੈ ਪਰ ਨਾਂ ਅੈਸ.ਅੈਸ.ਪੀ. ਦੀਪਕ ਹਿਲੋਰੀ, ਨਾਂ ਅੈਮ.ਅੈਲ਼.ਏ. ਸਰਬਜੀਤ ਕੌਰ ਅਤੇ ਨਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨ 'ਤੇ ਜੂੰ ਸਰਕੀ। ਉਨ੍ਹਾਂ ਕਿਹਾ ਲੋਕ ਦਾ ਨਿਆਂ ਦੇ ਮਾਮਲੇ ਵਿੱਚ ਆਵਾ ਊਤ ਗਿਆ ਲਗਦਾ ਏ।
ਅੱਜ ਧਰਨਾਕਾਰੀਆਂ ਨੂੰ ਬਾਬਾ ਸੁਖਦੇਵ ਸਿੰਘ ਲੋਪੋ ਤੋਂ ਬਿਨਾਂ  ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਭਰਭੂਰ ਸਿੰਘ ਛੱਜਾਵਾਲ, ਬਲਦੇਵ ਸਿੰਘ ਰੂਮੀ, ਸਾਬਕਾ ਚੇਅਰਮੈਨ ਮਲਕੀਅਤ ਸਿੰਘ ਰੂਮੀ, ਵਿੰਦਰ ਸਿੰਘ ਖਾਲਸਾ, ਕਿਰਤੀ ਕਿਸਾਨ ਯੂਨੀਅਨ ਦੇ ਚਰਨ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਰਜਿੰਦਰ ਕੌਰ, ਕੁਲਦੀਪ ਕੌਰ ਅਦਿ ਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਿਆਨ 'ਚ ਆਲ ਇੰਡੀਆ ਅੈਸ.ਸੀ.ਬੀ.ਸੀ.ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਪੁਲਿਸ ਦੇ ਅਖੌਤੀ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ. ਰਾਜਵੀਰ   ਜੋ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਤਾਇਨਾਤ ਸਨ ਅਤੇ ਲੋਕਾਂ ਤੇ ਅੱਤਿਆਚਾਰ ਕਰਨ ਲਈ ਹੀ ਕੰਮ ਕਰਦੇ ਸਨ, ਨੇ ਇੱਕ ਸਾਜਿਸ਼ ਰਚ ਕੇ ਗਰੀਬ ਪਰਿਵਾਰ ਨੂੰ ਪਹਿਲਾਂ ਝੂਠੇ ਕੇਸ ਵਿੱਚ ਫਸਾਇਆ ਫਿਰ ਮਾਵਾਂ-ਧੀਆਂ ਨੂੰ ਰਾਤ ਨੂੰ ਘਰੋਂ ਚੁੱਕ ਕੇ ਅਣ-ਮਨੁੱਖੀ ਤਸੀਹੇ ਦਿੱਤੇ ਸਨ। ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ  ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਭਾਰਤੀ ਕ‍ਾਨੂੰਨ ਦੀ ਘੋਰ ਉਲੰਘਣਾ ਹੈ। ਇਸ ਸਮੇਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਪੁਲਿਸ ਨੇ ਮੇਰੇ ਸਾਹਮਣੇ ਮੇਰੀ ਪੁੱਤਰੀ ਅੱਤਿਆਚਾਰ ਕੀਤਾ ਹੈ ਮੈਂ ਘਟਨਾ ਦੀ ਚਸਮਦੀਦ ਗਵਾਹ ਹਾਂ  ਪਰ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਦੀ ਕੋਸਿਸ਼ ਕਰ ਰਹੀ ਏ।