ਮੋਰਚਾ 56ਵੇਂ ਦਿਨ 'ਚ ਦਾਖਲ਼
ਪੁਲਿਸ ਅਧਿਕਾਰੀਆਂ ਨੇ ਕਾਨੂੰਨ ਛਿੱਕੇ ਟੱਗਿਆ- ਤਰਲੋਚਨ ਸਿੰਘ ਝੋਰੜਾਂ
ਜਗਰਾਉਂ 17 ਮਈ ( ਮਨਜਿੰਦਰ ਗਿੱਲ ) ਨੌਜਵਾਨ ਲੜਕੀ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਸਥਾਪਤ ਕਾਨੂੰਨ ਨੂੰ ਸ਼ਰੇਆਮ ਛਿੱਕੇ ਟੰਗ ਦਿੱਤਾ ਹੈ। ਗਰੀਬ ਲੋਕ ਕੜਕਦੀ ਧੁੱਪ ਵਿੱਚ ਸ਼ੜਕ 'ਤੇ ਬੈਠੇ ਹਨ ਅਤੇ ਗੈਰ-ਜ਼ਮਾਨਤੀ ਧਰਾਵਾਂ ਦੇ ਦੋਸ਼ੀ ਏ.ਸੀ. ਵਿੱਚ ਬੈਠੇ ਹਨ। ਇਹ ਗੱਲ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਅੱਜ 49ਵੇਂ ਦਿਨ ਵੀ ਸਿਟੀ ਥਾਣੇ ਅੱਗੇ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਦਾ ਸਾਥ ਦੇ ਧਰਨਾਕਾਰੀਆਂ ਨੂੰ ਕਹੇ। ਇਸ ਸਮੇਂ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਜਿਥੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੇ ਉਨਾਂ ਦੇ ਦੋਵੇਂ ਪਰਿਵਾਰਾਂ 'ਤੇ ਘੋਰ ਅੱਤਿਆਚਾਰ ਕੀਤਾ ਹੈ, ਉਥੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ 16 ਸਾਲ ਨਿਆਂ ਦੇ ਕੇ ਘੋਰ ਅਪਰਾਧ ਕੀਤਾ ਹੈ। ਮਾਤਾ ਨੇ ਕਿਹਾ ਕਿ ਗੁਰਿੰਦਰ ਬੱਲ ਤੇ ਅੈਸ.ਆਈ. ਰਾਜਵੀਰ ਨੇ ਥਾਣੇ ਵਿੱਚ ਉਸ ਨੂੰ ਅਤੇ ਉਸ ਦੀ ਮ੍ਰਿਤਕ ਬੇਟੀ ਨੂੰ ਨਾਂ ਸਿਰਫ਼ ਕੁੱਟਿਆ-ਮਾਰਿਆ ਸਗੋਂ ਬੇਟੀ ਨੂੰ ਉਸ ਦੇ ਸਾਹਮਣੇ ਕਰੰਟ ਲਗਾ ਕੇ ਤੜਫਾਇਆ ਪਰ ਪੁਲਿਸ ਮੁਲਾਜ਼ਮਾਂ ਨੂੰ ਮੇਰੀ ਬੇਟੀ ਦੀਆਂ ਅਸਮਾਨ ਪਾੜਦੀਆਂ ਚੀਕਾਂ ਸੁਣ ਕੇ ਵੀ ਤਰਸ ਨਾਂ ਆਇਆ, ਦੂਜੇ ਦਿਨ ਪਿੰਡ ਦੇ ਪੰਚਾਇਤੀ ਮੋਹਤਵਰ ਲੋਕਾਂ ਨੇ ਸਾਨੂੰ ਛੁਡਾਇਆ ਅਤੇ ਪੁਲਿਸ ਅਧਿਕਾਰੀਆਂ ਨੇ ਨਾਂ ਸਿਰਫ਼ ਘਟਨਾ ਤੋਂ ਕੁੱਝ ਦਿਨ ਸਾਡੇ ਪਿੰਡ ਰਸੂਲਪੁਰ ਦੇ ਸਰਪੰਚ ਭਗਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸਗੋਂ 16 ਸਾਲਾਂ ਵਿੱਚ ਅਨੇਕਾਂ ਵਾਰ ਪੁਲਿਸ ਅਧਿਕਾਰੀਆਂ ਨੇ ਬਿਆਨ ਤਾਂ ਦਰਜ ਕੀਤੇ ਪਰ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਕਿਉਂਕਿ ਦੋਸ਼ੀ ਪੁਲਿਸ ਮੁਲਾਜ਼ਮ ਹਨ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਚਹੇਤੇ ਹਨ। ਭੁੱਖ ਹੜਤਾਲੀ ਮਾਤਾ ਨੇ ਸਪਸ਼ੱਟ ਕਿਹਾ ਕਿ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਉਹ ਜਾਨ ਦੀ ਪ੍ਰਵਾਹ ਵੀ ਨਹੀਂ ਕਰੇਗੀ। ਇਸ ਸਮੇਂ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਭਾਵੇਂ ਉਹਨਾਂ ਦਾ ਪਰਿਵਾਰ ਗੁਰਿੰਦਰ ਬੱਲ ਹੁਰਾਂ ਵਲੋਂ ਸਾਜਿਸ਼ ਨਾਲ ਬਣਾਏ ਝੂਠੇ ਕਤਲ਼ ਕੇਸ ਵਿਚੋਂ ਬਰੀ ਹੋ ਗਿਆ ਸੀ ਪਰ 17 ਸਾਲਾਂ ਵਿੱਚ ਹੋਏ ਆਰਥਿਕ ਉਜ਼ਾੜੇ, ਸਮਾਜਿਕ ਤਬਾਹੀ ਤੇ ਹੋਈ ਮਾਨਸਿਕ ਪ੍ਰੇਸ਼ਾਨੀ ਦੀ ਭਰਪਾਈ ਕਿਸੇ ਕੀਮਤ 'ਤੇ ਨਹੀਂ ਹੋ ਸਕਦੀ ਲਿਹਾਜ਼ਾ ਉਨ੍ਹਾਂ ਦੇ ਪਰਿਵਾਰਾਂ ਦੇ ਜਖ਼ਮਾਂ 'ਤੇ ਮਲ਼ੱਮ ਸਿਰਫ਼ ਤੇ ਸਿਰਫ਼ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਹੀ ਲਗਾਈ ਜਾ ਸਕਦੀ ਹੈ। ਅੱਜ ਦੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਅਾਗੂ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਅਾਗੂ ਜੱਗਾ ਸਿੰਘ ਢਿੱਲੋਂ ਨੇ ਪਹਿਲਾਂ ਹੀ ਹੋ ਚੁੱਕੀ ਦੇਰੀ ਦਾ ਹਵਾਲਾ ਦਿੰਦਿਆਂ ਅੈਸ.ਅੈਸ.ਪੀ. ਲੁਧਿਆਣਾ (ਦਿਹਾਤੀ) ਦੀਪਕ ਹਿਲੋਰੀ, ਡੀ.ਜੀ.ਪੀ. ਪੰਜਾਬ ਵੀ.ਕੇ.ਭਾਵਰਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਪੀੜ੍ਹਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਇਨਸਾਫ਼ ਹਰ ਹਾਲ਼ਤ ਵਿੱਚ ਲਿਆ ਜਾਵੇਗਾ ਭਾਵੇਂ ਇਸ ਨਿਸ਼ਾਨੇ ਦੀ ਪੂਰਤੀ ਲਈ ਕਿੰਨਾਂ ਵੀ ਲੰਬਾ ਸਮਾਂ ਕਿਉਂ ਨਾਂ ਧਰਨਾ ਚਲਾਉਣਾ ਪਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਦੇਵ ਸਿੰਘ ਫੌਜ਼ੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਰਵਿੰਦਰ ਸਿੰਘ ਸੁਧਾਰ ਤੇ ਹਰੀ ਸਿੰਘ ਚਚਰਾੜੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਚਾਹੇ ਮੌਸਮ ਕਿਹੋ-ਜਿਹਾ ਵੀ ਹੋਵੇ ਇਨਸਾਫ਼ ਦੀ ਪ੍ਰਾਪਤੀ ਤੱਕ ਥਾਣੇ ਮੂਹਰੇ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਅੱਜ ਦੇ ਧਰਨੇ ਵਿੱਚ ਠੇਕੇਦਾਰ ਅਵਤਾਰ ਸਿੰਘ, ਦਲਜੀਤ ਸਿੰਘ ਕਲ਼ਸੀ, ਜੱਥੇਦਾਰ ਚੜਤ ਸਿੰਘ, ਪਰਮਪਾਲ ਸਿੰਘ, ਕਮਲਜੀਤ ਕੌਰ, ਮਾਤਾ ਮੁਖਤਿਆਰ ਕੌਰ, ਕੁਲਦੀਪ ਕੌਰ, ਸਦਾ ਕੌਰ ਲੀਲਾ ਵੀ ਹਾਜ਼ਰ ਸਨ।