-ਜ਼ਿਲ੍ਹਾ ਪੱਧਰੀ ਕਰਵਾਏ ਜਾਣਗੇ ਵੀਡੀਓ ਮੇਕਿੰਗ ਮੁਕਾਬਲੇ
ਫ਼ਤਹਿਗੜ੍ਹ ਸਾਹਿਬ, 16 ਮਈ (ਰਣਜੀਤ ਸਿੱਧਵਾਂ) : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਦੇ ਤੇਲਗੂ ਭਾਸ਼ਾ ਸਿੱਖਣ ਲਈ ਵੀਡੀਓ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਇਹਨਾਂ ਮੁਕਾਬਲਿਆਂ ਦਾ ਪੋਸਟਰ ਜਾਰੀ ਕਰਨ ਮੌਕੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਕਾਬਲੇ ਵੱਖੋ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਵਿੱਚ ਕਰਵਾਈ ਜਾਵੇਗੀ ਅਤੇ ਜੇਤੂਆਂ ਨੂੰ ਪੰਜ ਹਜ਼ਾਰ ਤੱਕ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੱਕ ਦੂਜੇ ਰਾਜਾਂ ਦੀਆਂ ਭਾਸ਼ਾਵਾਂ ਸਿੱਖਣ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸੇ ਲੜੀ ਤਹਿਤ ਇਸ ਪ੍ਰੋਗਰਾਮ ਵਿੱਚ ਜੋੜੇ ਵਾਲੇ ਰਾਜ ਦੀ ਭਾਸ਼ਾ ਵਿੱਚ 100 ਵਾਕਾਂ ਨੂੰ ਸਿੱਖਣਾ ਸ਼ਾਮਲ ਹੈ, ਜਿਸ ਵਿੱਚ ਪੰਜਾਬ ਤੇ ਆਂਧਰਾ ਪ੍ਰਦੇਸ਼ ਨੂੰ ਨਾਲ ਨਾਲ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਭਾਸ਼ਾਈ ਸਹਿਣਸ਼ੀਲਤਾ, ਸਤਿਕਾਰ, ਅਤੇ ਨਵੀਂ ਭਾਸ਼ਾ ਵਿੱਚ ਦਿਲਚਸਪੀ ਪੈਦਾ ਕਰਕੇ ਅਤੇ ਹੋਰ ਸਿੱਖਣ ਦੀ ਉਤਸੁਕਤਾ ਪੈਦਾ ਕਰਨਗੇ ਅਤੇ ਏਕਤਾ ਨੂੰ ਵਧਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਤਹਿਤ ਬੱਚੇ ਤੇਲਗੂ ਭਾਸ਼ਾ ਵਿੱਚ ਇੱਕ ਵੀਡੀਓ ਸ਼ੂਟ ਕਰਨਗੇ ਅਤੇ ਦਿੱਤੇ ਲਿੰਕ ਦੀ ਵਰਤੋਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝਾ ਕਰਨਗੇ। ਇਹ ਵੀਡੀਓ ਇਕੱਲਾ ਬੱਚਾ ਜਾਂ ਤਿੰਨ ਬੱਚੇ ਮਿਲ ਕੇ ਵੀ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 03 – 07 ਸਾਲ ਉਮਰ ਵਰਗ ਦੇ ਬੱਚੇ ਆਪਣੀ ਜਾਣ-ਪਛਾਣ, ਸਕੂਲ ਅਤੇ ਪਰਿਵਾਰ ਬਾਰੇ ਵੀਡੀਓ ਬਣਾਉਣਗੇ। ਜਦੋ ਕਿ 08 - 12 ਸਾਲ ਦੇ ਬੱਚੇ ਆਪਣੇ ਸ਼ੌਕ , ਰੁਚੀ ਅਤੇ ਉਦੇਸ਼ ਬਾਰੇ ਵੀਡੀਓ ਬਣਾਉਣਗੇ। ਇਸੇ ਤਰਾਂ 13 – 18ਸਾਲ ਦੇ ਬੱਚੇ ਆਂਧਰਾ ਪ੍ਰਦੇਸ਼ ਅਤੇ ਪੰਜਾਬ ਰਾਜਾਂ ਬਾਰੇ (ਖਾਣਾ, ਪਹਿਰਾਵਾ,ਸੱਭਿਆਚਾਰ, ਡਾਂਸ, ਸੰਗੀਤ, ਤਿਉਹਾਰਾਂ ਬਾਰੇ ਵੀਡੀਓ ਘੱਟੋ-ਘੱਟ 45 ਸਕਿੰਟ, ਵੱਧ ਤੋਂ ਵੱਧ 2 ਮਿੰਟ ਦੀ ਬਣਾ ਕੇ ਲਿੰਕ https://tinyurl.com/28d3txua 'ਤੇ ਮਿਤੀ 01 ਜੂਨ ਤੋਂ 15 ਜੁਲਾਈ ਤੱਕ ਸਾਂਝੀ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ fatehgarhsahib.nic.in 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਵਨੀਤ ਕੌਰ, ਐੱਸ.ਡੀ.ਐੱਮ ਖਮਾਣੋਂ, ਸ੍ਰੀਮਤੀ ਪਰਲੀਨ ਕਾਲੇਕਾ, ਸਹਾਇਕ ਕਮਿਸ਼ਨਰ ( ਜਨਰਲ ) ਸ੍ਰੀ ਅਸ਼ੋਕ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼ੁਸ਼ੀਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।